ਅਸ਼ੋਕ ਤੰਵਰ ਨੇ ਦੱਸੀ ਭਾਜਪਾ ਛੱਡ ਕੇ ਕਾਂਗਰਸ ''ਚ ਸ਼ਾਮਲ ਹੋਣ ਦੀ ਵਜ੍ਹਾ

Saturday, Oct 05, 2024 - 12:15 AM (IST)

ਨੈਸਨਲ ਡੈਸਕ- ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਅਸ਼ੋਕ ਤੰਵਰ ਨੇ ਕਿਹਾ ਕਿ ਭਾਜਪਾ ਨੂੰ ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਡਕਰ ਅਤੇ ਸੰਵਿਧਾਨ 'ਚ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ, ਖਾਸ ਕਰਕੇ ਦਲਿਤਾਂ, ਪਿੱਛੜੇ ਅਤੇ ਵੰਚਿਤ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਿਆਣਾ ਨੂੰ ਦੁਬਾਰਾ ਨੰਬਰ-ਇਕ ਬਣਾਉਣ ਲਈ ਕਾਂਗਰਸ ਦੀ ਸਰਕਾਰ ਬਣਾਈ ਜਾਵੇ।

ਅਸ਼ੋਕ ਤੰਵਰ ਨੇ ਇਹ ਗੱਲਾਂ ਨਵੀਂ ਦਿੱਲੀ ਸਥਿਤ ਕਾਂਗਰਸ ਦਫਤਰ 'ਚ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ। ਇਸ ਸਮੇਂ ਕਾਂਗਰਸ ਦੇ ਰਾਸ਼ਟਰੀ ਖਜਾਨਚੀ ਅਜੈ ਮਾਕਨ ਵੀ ਮੌਜੂਦ ਸਨ। ਅਸ਼ੋਕ ਤੰਵਰ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਾਂਗਰਸ ਨਾਲ ਹੋਈ ਸੀ। ਕੁਝ ਸਮੇਂ ਲਈ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਭਾਜਪਾ ਦਾ ਦੇਸ਼ ਦੇ ਸੰਵਿਧਾਨ ਅਤੇ ਬਾਬਾ ਸਾਹਿਬ ਅੰਬੇਡਕਰ ਪ੍ਰਤੀ ਕੋਈ ਵਿਸ਼ਵਾਸ ਨਹੀਂ ਹੈ। ਭਾਜਪਾ ਜਾਤੀ ਅਤੇ ਧਰਮ ਦਾ ਸਹਾਰਾ ਲੈਂਦੀ ਹੈ, ਲੋਕਾਂ ਨੂੰ ਵੰਡਣ ਦਾ ਕੰਮ ਕਰਦੀ ਹੈ।

ਦੂਜੇ ਪਾਸੇ ਰਾਹੁਲ ਗਾਂਧੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਆਦਰਸ਼ਾਂ ਅਤੇ ਸਿਧਾਂਤਾਂ ਦੇ ਪ੍ਰਚਾਰ ਅਤੇ ਸੰਵਿਧਾਨ ਅਤੇ ਰਾਖਵਾਂ ਨੂੰ ਬਚਾਉਣ ਲਈ ਦੇਸ਼-ਪੱਧਰੀ ਮੁਹਿੰਮ ਚਲਾਈ ਹੈ। ਰਾਹੁਲ ਗਾਂਧੀ ਨੇ ਯਾਤਰਾ ਕੱਢ ਕੇ ਲੋਕਾਂ ਨੂੰ ਇੱਕਜੁੱਟ ਕਰਨ ਦਾ ਕੰਮ ਕੀਤਾ ਹੈ। ਅੱਜ ਉਹ ਦੇਸ਼ ਨੂੰ ਜੋੜਨ ਅਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਵਿੱਚ ਫਿਰ ਤੋਂ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਹਨ।

ਉਥੇ ਹੀ ਅਜੈ ਮਾਕਨ ਨੇ ਤੰਵਰ ਨੂੰ ਕਾਂਗਰਸ ਦਾ ਪਟਕਾ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤੰਵਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਸੰਵਿਧਾਨ ਨੂੰ ਬਚਾਉਣ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਲਈ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਲੜਾਈ ਨੂੰ ਹੋਰ ਮਜ਼ਬੂਤੀ ਮਿਲੇਗੀ। ਅਸ਼ੋਕ ਤੰਵਰ ਦੇ ਵੱਡੇ ਤਜਰਬੇ ਨੂੰ ਵੇਖਦੇ ਹੋਏ ਉਨ੍ਹਾਂ ਦੇ ਕਾਂਗਰਸ ਵਿੱਚ ਦੁਬਾਰਾ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ।


Rakesh

Content Editor

Related News