ਦਿੱਲੀ ’ਚ ਸਵਾਈਨ ਫਲੂ ਦੇ ਮਰੀਜ਼ਾਂ ਦਾ ਅੰਕੜਾ 2600 ਤੋਂ ਪਾਰ
Thursday, Aug 27, 2026 - 08:29 PM (IST)
ਨਵੀਂ ਦਿੱਲੀ, (ਏਜੰਸੀ)-ਦਿੱਲੀ ’ਚ ਬੀਤੇ 24 ਘੰਟਿਆਂ ’ਚ ਐੱਚ1ਐੱਨ1 ਦੇ 166 ਮਾਮਲਿਆਂ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਸਵਾਈਨ ਫਲੂ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 2612 ਪਹੁੰਚ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਅੰਕੜਿਆਂ ਅਨੁਸਾਰ ਇਨਫਲੂਐਂਜ਼ਾ-ਏ ਦੇ ਮਾਮਲਿਆਂ ਦੀ ਕੁੱਲ ਗਿਣਤੀ ਵੀ ਵਧ ਕੇ 3,300 ਹੋ ਗਈ ਹੈ ਜੋ ਬੁੱਧਵਾਰ ਨੂੰ 3,177 ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਵੀਰਵਾਰ ਨੂੰ ਇੰਦਰਾ ਗਾਂਧੀ ਹਸਪਤਾਲ ਦਾ ਦੌਰਾ ਕੀਤਾ ਅਤੇ ਐੱਚ1ਐੱਨ1 ਅਤੇ ਮੌਸਮੀ ਇਨਫਲੂਐਂਜ਼ਾ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕੀਤੀ। ਆਪਣੇ ਦੌਰੇ ਦੌਰਾਨ, ਮੰਤਰੀ ਨੇ ਹਸਪਤਾਲ ਦੀ ਫਲੂ ਪ੍ਰਬੰਧਨ ਵਿਵਸਥਾ ਦਾ ਜਾਇਜ਼ਾ ਲਿਆ, ਜਿਸ ’ਚ ਆਈਸੋਲੇਸ਼ਨ ਬਿਸਤਰੇ, ਐਮਰਜੈਂਸੀ ਸੇਵਾਵਾਂ, ਜਾਂਚ ਸਬੰਧੀ ਬੁਨਿਆਦੀ ਢਾਂਚਾ, ਦਵਾਈਆਂ ਦੀ ਉਪਲਬਧਤਾ ਅਤੇ ਕਰਮਚਾਰੀਆਂ ਦੀ ਤਾਇਨਾਤੀ ਸ਼ਾਮਲ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਨਫਲੂਐਂਜ਼ਾ ਮਰੀਜ਼ਾਂ ਲਈ ਆਈਸੋਲੇਸ਼ਨ ਬਿਸਤਰਿਆਂ ਦੇ ਨਾਲ-ਨਾਲ ਹਸਪਤਾਲ ’ਚ ਇਕ ਸਮਰਪਿਤ ਫਲੂ ਕਲੀਨਿਕ ਸ਼ੁਰੂ ਕੀਤਾ ਗਿਆ ਹੈ। ਮੰਤਰੀ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਦਿੱਲੀ ਸਰਕਾਰ ਦੇ ਹਸਪਤਾਲਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਆਈਸੋਲੇਸ਼ਨ ਬਿਸਤਰੇ, ਡਾਕਟਰਾਂ, ਜਾਂਚ ਸਬੰਧੀ ਸਹੂਲਤਾਂ, ਦਵਾਈਆਂ ਅਤੇ ਹੋਰ ਲੋੜੀਂਦੇ ਸਰੋਤਾਂ ਦੀ ਪੂਰੀ ਉਪਲਬਧਤਾ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਗਿਆ ਸੀ। ਸਾਰੇ ਹਸਪਤਾਲਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਘੱਟੋ-ਘੱਟ 5 ਆਈਸੋਲੇਸ਼ਨ ਬਿਸਤਰੇ ਤਿਆਰ ਰੱਖਣ, ਜਦਕਿ ਵੱਡੇ ਹਸਪਤਾਲਾਂ ਨੂੰ ਇਨਫਲੂਐਂਜ਼ਾ ਅਤੇ ਵੈਕਟਰ-ਬੌਰਨ ਬੀਮਾਰੀਆਂ ਦੇ ਮਾਮਲਿਆਂ ਦੇ ਪ੍ਰਬੰਧਨ ਲਈ 10 ਜਾਂ ਉਸ ਤੋਂ ਵੱਧ ਆਈਸੋਲੇਸ਼ਨ ਬਿਸਤਰੇ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
