Swiggy ਨੂੰ ਵੱਡਾ ਝਟਕਾ, ਗਾਹਕ ਤੋਂ 103 ਰੁਪਏ ਵਾਧੂ ਵਸੂਲਣ ਬਦਲੇ ਦੇਣਾ ਪਵੇਗਾ ਮੋਟਾ ਜੁਰਮਾਨਾ

Tuesday, Nov 05, 2024 - 05:24 AM (IST)

Swiggy ਨੂੰ ਵੱਡਾ ਝਟਕਾ, ਗਾਹਕ ਤੋਂ 103 ਰੁਪਏ ਵਾਧੂ ਵਸੂਲਣ ਬਦਲੇ ਦੇਣਾ ਪਵੇਗਾ ਮੋਟਾ ਜੁਰਮਾਨਾ

ਨਵੀਂ ਦਿੱਲੀ- ਰੰਗਾ ਰੈੱਡੀ ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਕਮਿਸ਼ਨ ਨੇ ਸਵਿੱਗੀ ਦੇ ਖਿਲਾਫ ਅਣ-ਉਚਿਤ ਵਪਾਰ ਵਿਵਹਾਰ ਲਈ ਫੈਸਲਾ ਸੁਣਾਇਆ ਹੈ। ਹੈਦਰਾਬਾਦ ਨਿਵਾਸੀ ਐੱਮਾਡੀ ਸੁਰੇਸ਼ ਬਾਬੂ ਦੀ ਸ਼ਿਕਾਇਤ ਤੋਂ ਬਾਅਦ ਇਹ ਫੈਸਲਾ ਆਇਆ, ਜਿਨ੍ਹਾਂ ਨੇ ਸਵਿੱਗੀ ’ਤੇ ਉਨ੍ਹਾਂ ਦੇ ਸਵਿੱਗੀ ਵਨ ਮੈਂਬਰਸ਼ਿਪ ਬੈਨਿਫਿਟਸ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ।

ਸ਼ਿਕਾਇਤ ਮੁਤਾਬਕ ਸਵਿੱਗੀ ਨੇ ਕਥਿਤ ਤੌਰ ’ਤੇ ਡਲਿਵਰੀ ਦੀ ਦੂਰੀ ਵਧਾ ਕੇ ਬਾਬੂ ਤੋਂ ਵਾਧੂ ਚਾਰਜ ਲਿਆ। ਕਮਿਸ਼ਨ ਨੇ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ ਕੁੱਲ 35,453 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ, ਜਾਣੋ ਸ਼ਰਤਾਂ

ਕੀ ਹੈ ਪੂਰਾ ਮਾਮਲਾ?

ਮਾਮਲਾ ਉਦੋਂ ਉਠਿਆ ਜਦੋਂ ਸੁਰੇਸ਼ ਬਾਬੂ ਨਾਂ ਦੇ ਯੂਜ਼ਰ ਨੇ ਆਪਣੀ ਸਵਿੱਗੀ ਵਨ ਮੈਂਬਰਸ਼ਿਪ ਦੇ ਤਹਿਤ 1 ਨਵੰਬਰ, 2023 ਨੂੰ ਇਕ ਆਰਡਰ ਕੀਤਾ। ਮੈਂਬਰਸ਼ਿਪ ’ਚ ਇਕ ਤੈਅ ਦੂਰੀ ਤੱਕ ਮੁਫਤ ਡਲਿਵਰੀ ਦਾ ਵਾਅਦਾ ਕੀਤਾ ਗਿਆ ਸੀ ਪਰ ਸਵਿੱਗੀ ਨੇ ਕਥਿਤ ਤੌਰ ’ਤੇ 9.7 ਕਿਲੋਮੀਟਰ ਦੀ ਅਸਲ ਦੂਰੀ ਨੂੰ ਵਧਾ ਕੇ 14 ਕਿਲੋਮੀਟਰ ਦਰਜ ਕਰ ਦਿੱਤਾ, ਜਿਸ ਨਾਲ ਬਾਬੂ ਨੂੰ 103 ਰੁਪਏ ਦਾ ਵਾਧੂ ਡਲਿਵਰੀ ਚਾਰਜ ਦੇਣਾ ਪਿਆ।

ਕਮਿਸ਼ਨ ਨੇ ਬਾਬੂ ਵੱਲੋਂ ਪੇਸ਼ ਗੂਗਲ ਮੈਪਸ ਦੇ ਸਕ੍ਰੀਨਸ਼ਾਟ ਨੂੰ ਸਬੂਤ ਵਜੋਂ ਸਵੀਕਾਰ ਕੀਤਾ ਅਤੇ ਪਾਇਆ ਕਿ ਸਵਿੱਗੀ ਨੇ ਬਿਨਾਂ ਕਿਸੇ ਉਚਿਤ ਕਾਰਨ ਦੂਰੀ ਵਧਾ ਕੇ ਅਣ-ਉਚਿਤ ਵਪਾਰਕ ਵਿਵਹਾਰ ਕੀਤਾ।

ਇਹ ਵੀ ਪੜ੍ਹੋ- Big Breaking : ਪੰਜਾਬ ਤੋਂ ਉਡਿਆ ਜਹਾਜ਼ ਆਗਰਾ 'ਚ ਕ੍ਰੈਸ਼

ਕਮਿਸ਼ਨ ਨੇ ਸੁਣਾਇਆ ਇਹ ਫੈਸਲਾ

ਸ਼ਿਕਾਇਤ ’ਤੇ ਸੁਣਵਾਈ ’ਚ ਸਵਿੱਗੀ ਸ਼ਾਮਲ ਨਹੀਂ ਹੋਈ, ਜਿਸ ਕਾਰਨ ਕਮਿਸ਼ਨ ਨੇ ਬਾਬੂ ਦੇ ਹਲਫਨਾਮੇ ਅਤੇ ਸਹਾਇਕ ਦਸਤਾਵੇਜ਼ਾਂ ਦੇ ਆਧਾਰ ’ਤੇ ਇਕ-ਤਰਫਾ ਫੈਸਲਾ ਸੁਣਾਇਆ। ਕਮਿਸ਼ਨ ਨੇ ਸਵਿੱਗੀ ਨੂੰ ਹੁਕਮ ਦਿੱਤਾ ਕਿ ਉਹ ਬਾਬੂ ਨੂੰ 350.48 ਰੁਪਏ 9 ਫ਼ੀਸਦੀ ਵਿਆਜ ਸਮੇਤ ਵਾਪਸ ਕਰੇ, 103 ਰੁਪਏ ਦਾ ਡਲਿਵਰੀ ਚਾਰਜ ਵਾਪਸ ਕਰੇ ਅਤੇ ਮਾਨਸਿਕ ਪ੍ਰੇਸ਼ਾਨੀ ਅਤੇ ਔਖਿਆਈ ਲਈ 5,000 ਰੁਪਏ ਦਾ ਮੁਆਵਜ਼ਾ ਦੇਵੇ।

ਇਸ ਤੋਂ ਇਲਾਵਾ, ਮੁਕੱਦਮੇ ਦੇ ਖਰਚੇ ’ਚ ਵੀ 5, 000 ਰੁਪਏ ਦੇਣ ਲਈ ਕਿਹਾ ਗਿਆ। ਕਮਿਸ਼ਨ ਨੇ ਇਹ ਵੀ ਹੁਕਮ ਦਿੱਤਾ ਕਿ ਸਵਿੱਗੀ ਭਵਿੱਖ ’ਚ ਮੈਂਬਰਸ਼ਿਪ ਲਾਭਾਂ ਦੀ ਦੁਰਵਰਤੋਂ ਕਰਦੇ ਹੋਏ ਡਲਿਵਰੀ ਦੀ ਦੂਰੀ ’ਚ ਇਸ ਤਰ੍ਹਾਂ ਦੀ ਹੇਰਾ-ਫੇਰੀ ਕਰਨੀ ਬੰਦ ਕਰੇ। ਕਮਿਸ਼ਨ ਨੇ ਸਵਿੱਗੀ ਨੂੰ ਖਪਤਕਾਰ ਭਲਾਈ ਫੰਡ ’ਚ 25,000 ਰੁਪਏ ਦਾ ਸਜ਼ਾਯੋਗ ਹਰਜਾਨਾ ਵੀ ਜਮ੍ਹਾ ਕਰਨ ਦਾ ਹੁਕਮ ਦਿੱਤਾ। ਕਮਿਸ਼ਨ ਨੇ ਹੁਕਮ ਦੀ ਪਾਲਣਾ ਲਈ ਸਵਿੱਗੀ ਨੂੰ 45 ਦਿਨਾਂ ਦਾ ਸਮਾਂ ਦਿੱਤਾ ਹੈ।

ਇਹ ਵੀ ਪੜ੍ਹੋ- ਹਫਤੇ 'ਚ ਇਕ ਵਾਰ ਜ਼ਰੂਰ ਬੰਦ ਕਰੋ ਆਪਣਾ ਫੋਨ, ਹੋਣਗੇ ਗਜਬ ਦੇ ਫਾਇਦੇ


author

Rakesh

Content Editor

Related News