AC ਕੋਚ ''ਚ ਚੜ੍ਹਨ ਤੋਂ ਰੋਕਿਆ ਤਾਂ ਭੜਕੀ ਭੀੜ, ਟਰੇਨ ''ਤੇ ਕੀਤਾ ਪਥਰਾਅ
Wednesday, Feb 12, 2025 - 10:09 AM (IST)
![AC ਕੋਚ ''ਚ ਚੜ੍ਹਨ ਤੋਂ ਰੋਕਿਆ ਤਾਂ ਭੜਕੀ ਭੀੜ, ਟਰੇਨ ''ਤੇ ਕੀਤਾ ਪਥਰਾਅ](https://static.jagbani.com/multimedia/2025_2image_10_09_221472413train.jpg)
ਮਧੂਬਨੀ- ਮਹਾਕੁੰਭ ਜਾਣ ਵਾਲੇ ਯਾਤਰੀਆਂ ਦੀ ਭੀੜ ਕਾਰਨ ਬਿਹਾਰ ਦੇ ਮਧੂਬਨੀ ਰੇਲਵੇ ਸਟੇਸ਼ਨ ’ਤੇ ਕਥਿਤ ਤੌਰ ’ਤੇ ਟਰੇਨ ’ਚ ਨਾ ਚੜ੍ਹ ਸਕਣ ਤੋਂ ਗੁੱਸੇ ’ਚ ਆਏ ਲੋਕਾਂ ਨੇ ਸਵਤੰਤਰ ਸੈਨਾਨੀ ਐਕਸਪ੍ਰੈੱਸ ਦੇ ਏ. ਸੀ. ਕੋਚ ਦੇ ਸ਼ੀਸ਼ੇ ਤੋੜ ਦਿੱਤੇ। ਬਿਹਾਰ ਪੁਲਸ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਟਰੇਨ ’ਚ ਯਾਤਰੀਆਂ ਦੀ ਭੀੜ ਕਾਰਨ ਇਕ ਏ. ਸੀ. ਕੋਚ ’ਚ ਬੈਠੇ ਯਾਤਰੀ ਦਰਵਾਜ਼ਾ ਨਹੀਂ ਖੋਲ੍ਹ ਰਹੇ ਸੀ, ਜਦੋਂ ਕਿ ਪਲੇਟਫਾਰਮ ’ਤੇ ਮੌਜੂਦ ਕੁਝ ਯਾਤਰੀਆਂ ਦੀ ਉਸੇ ਡੱਬੇ ’ਚ ਸੀਟ ਬੁੱਕ ਸੀ। ਇਸ ਮਾਮਲੇ ’ਚ ਰੇਲਵੇ ਪੁਲਸ ਕਾਰਵਾਈ ਕਰ ਰਹੀ ਹੈ। ਬਿਆਨ ਮੁਤਾਬਕ ਟਰੇਨ ਬਾਅਦ ’ਚ ਮਧੂਬਨੀ ਰੇਲਵੇ ਸਟੇਸ਼ਨ ਤੋਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ। ਇਸ ਘਟਨਾ ਦੀ ਇਕ ਵੀਡੀਓ ਵਾਇਰਲ ਹੋਈ ਹੈ।
ਸਮਸਤੀਪੁਰ ਡਿਵੀਜ਼ਨ ਦੇ ਰੇਲਵੇ ਮੈਨੇਜਰ (DRM) ਵਿਨੈ ਸ਼੍ਰੀਵਾਸਤਵ ਮੁਤਾਬਕ ਜਦੋਂ ਸਵਤੰਤਰ ਸੈਨਾਨੀ ਐਕਸਪ੍ਰੈਸ ਸੋਮਵਾਰ ਰਾਤ ਨੂੰ ਮਧੂਬਨੀ ਸਟੇਸ਼ਨ ਪਹੁੰਚੀ ਤਾਂ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਮੇਲੇ 'ਚ ਜਾਣ ਲਈ ਟਰੇਨ ਫੜਨ ਦੀ ਕੋਸ਼ਿਸ਼ ਕਰ ਰਹੇ ਸਨ। ਰੇਲਵੇ ਸਟੇਸ਼ਨ ਪਹਿਲਾਂ ਹੀ ਯਾਤਰੀਆਂ ਨਾਲ ਖਚਾਖਚ ਭਰਿਆ ਹੋਇਆ ਸੀ।
ਜਨਰਲ ਅਤੇ ਸਲੀਪਰ ਕੋਚ ਪੂਰੀ ਤਰ੍ਹਾਂ ਖਚਾਖਚ ਭਰੇ ਹੋਏ ਸਨ, ਜਿਸ ਤੋਂ ਬਾਅਦ ਕੁਝ ਯਾਤਰੀਆਂ ਨੇ ਜ਼ਬਰਦਸਤੀ ਏਸੀ ਕੋਚ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਅੰਦਰ ਪਹਿਲਾਂ ਤੋਂ ਮੌਜੂਦ ਸਵਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ, ਜਿਸ ਕਾਰਨ ਬਾਹਰ ਖੜ੍ਹੇ ਯਾਤਰੀਆਂ ਵਿੱਚ ਗੁੱਸਾ ਫੈਲ ਗਿਆ। ਏਸੀ ਕੋਚ 'ਚ ਦਾਖਲ ਨਾ ਹੋਣ ਦਿੱਤੇ ਜਾਣ 'ਤੇ ਗੁੱਸੇ 'ਚ ਆਏ ਲੋਕਾਂ ਨੇ ਰੇਲ ਗੱਡੀ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਅਚਾਨਕ ਵਾਪਰੀ ਇਸ ਘਟਨਾ ਕਾਰਨ ਟਰੇਨ ਦੇ ਅੰਦਰ ਬੈਠੇ ਯਾਤਰੀ ਡਰ ਗਏ।