SUV ਮਾਰ ਭੰਨ ''ਤਾ ਮੋਤੀ ਮਹਿਲ ਦਾ ਗੇਟ, ਅੰਦਰ ਵੜ੍ਹ ਗਏ ਨੌਜਵਾਨ
Monday, Sep 22, 2025 - 11:48 AM (IST)

ਭਰਤਪੁਰ (ਬਿਊਰੋ): ਰਾਜਸਥਾਨ ਦੇ ਭਰਤਪੁਰ 'ਚ ਮੌਜੂਦ ਇਤਿਹਾਸਕ ਮੋਤੀ ਮਹਿਲ 'ਚ ਝੰਡੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਵੇਲੇ ਹੋਰ ਗਰਮਾ ਗਿਆ, ਜਦੋਂ ਐਤਵਾਰ ਦੇਰ ਰਾਤ ਇਕ SUV ਕਾਰ ਸਵਾਰ ਤਿੰਨ ਵਿਅਕਤੀਆਂ ਨੇ ਗੱਡੀ ਨਾਲ ਟੱਕਰ ਮਾਰ ਕੇ ਮਹਿਲ ਦਾ ਗੇਟ ਤੋੜ ਦਿੱਤਾ। ਮੁਲਜ਼ਮਾਂ 'ਤੇ ਗੇਟ ਤੋੜ ਕੇ ਅੰਦਰ ਦਾਖ਼ਲ ਹੋਣ ਅਤੇ ਮਹਿਲ 'ਤੇ ਰਿਆਸਤੀ ਝੰਡਾ ਲਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ।
ਘਟਨਾ ਤੋਂ ਬਾਅਦ ਸਾਬਕਾ ਸ਼ਾਹੀ ਪਰਿਵਾਰ ਦੇ ਮੈਂਬਰ ਅਨਿਰੁੱਧ ਸਿੰਘ ਸੋਮਵਾਰ ਤੜਕੇ ਮਥੁਰਾ ਗੇਟ ਥਾਣੇ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਇੱਕ ਨਾਮਜ਼ਦ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਮੁੱਖ ਦੋਸ਼ੀ ਦੀ ਪਛਾਣ ਡੀਗ ਜ਼ਿਲ੍ਹੇ ਦੇ ਪਿੰਡ ਸਿਨਸਿਨੀ ਦੇ ਰਹਿਣ ਵਾਲੇ ਮਨੂਦੇਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨੂਦੇਵ ਨੇ ਇਸ ਪੂਰੀ ਘਟਨਾ ਨੂੰ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਲਾਈਵ ਵੀ ਕੀਤਾ ਸੀ।
ਇਹ ਵੀ ਪੜ੍ਹੋ : 3 ਅਕਤੂਬਰ ਤਕ ਬੰਦ ਰਹਿਣਗੇ ਸਕੂਲ-ਕਾਲਜ, ਹੋ ਗਿਆ ਛੁੱਟੀਆਂ ਦਾ ਐਲਾਨ
ਏਐੱਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਜਦੋਂ ਮਨੂਦੇਵ ਆਪਣੇ ਦੋ ਸਾਥੀਆਂ ਨਾਲ ਮਹਿਲ ਦੇ ਪਿਛਲੇ ਗੇਟ 'ਤੇ ਪਹੁੰਚਿਆ। ਉਸਨੇ ਐੱਸ. ਯੂ. ਵੀ. ਗੱਡੀ ਨਾਲ ਮਹਿਲ ਦੇ ਗੇਟ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਮਹਿਲ ਦਾ ਗੇਟ ਟੁੱਟ ਗਿਆ ਤੇ ਗੇਟ ਟੁੱਟਣ ਦੀ ਆਵਾਜ਼ ਸੁਣ ਕੇ ਗਾਰਡ ਮੌਕੇ 'ਤੇ ਪਹੁੰਚ ਗਏ। ਗਾਰਡਾਂ ਨੂੰ ਦੇਖ ਕੇ ਤਿੰਨੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਵੱਲੋਂ ਜਾਰੀ ਵੀਡੀਓ 'ਚ ਮਨੂਦੇਵ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਬਾਕੀ ਦੋ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸਾਬਕਾ ਸ਼ਾਹੀ ਪਰਿਵਾਰ ਦੇ ਮੈਂਬਰ ਵਿਸ਼ਵੇਂਦਰ ਸਿੰਘ ਦੇ ਪੁੱਤਰ ਅਨਿਰੁੱਧ ਸਿੰਘ ਨੇ ਇਸ ਘਟਨਾ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਦੋਸ਼ੀ ਅੰਦਰ ਦਾਖ਼ਲ ਹੋ ਜਾਂਦੇ ਤਾਂ ਰਿਆਸਤਕਾਲੀਨ ਕੀਮਤੀ ਚੀਜ਼ਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਉਨ੍ਹਾਂ ਕਿਹਾ ਕਿ ਘਟਨਾ ਪਿੱਛੇ ਕੌਣ ਹੈ, ਇਸ ਦਾ ਖੁਲਾਸਾ ਪੁਲਸ ਜਾਂਚ ਤੋਂ ਬਾਅਦ ਹੋਵੇਗਾ।
ਜ਼ਿਕਰਯੋਗ ਹੈ ਕਿ ਝੰਡਾ ਵਿਵਾਦ ਕਾਰਨ ਐਤਵਾਰ ਨੂੰ ਪੂਰੇ ਸ਼ਹਿਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚਾਰ ਜ਼ਿਲ੍ਹਿਆਂ ਦੀ ਪੁਲਸ, STF ਅਤੇ RAC ਦੀਆਂ ਕਈ ਬਟਾਲੀਅਨਾਂ ਤਾਇਨਾਤ ਸਨ। ਪੁਲਸ ਰਾਤ 8:30 ਵਜੇ ਤੱਕ ਮੌਕੇ 'ਤੇ ਮੌਜੂਦ ਸੀ, ਪਰ ਪੁਲਸ ਦੇ ਹਟਦਿਆਂ ਹੀ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮੋਤੀ ਮਹਿਲ ਦੇ ਜਿਸ ਗੇਟ ਨੂੰ ਤੋੜਿਆ ਗਿਆ ਸੀ, ਉਸ ਦੀ ਮੁਰੰਮਤ ਰਾਤ ਨੂੰ ਹੀ ਕਰ ਦਿੱਤੀ ਗਈ। ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।