ਭਾਜਪਾ ਤੋਂ ਮੁਅੱਤਲ ਵਿਧਾਇਕ ਟੀ. ਰਾਜਾ ਸਿੰਘ ਫਿਰ ਗ੍ਰਿਫਤਾਰ

Friday, Aug 26, 2022 - 11:36 AM (IST)

ਭਾਜਪਾ ਤੋਂ ਮੁਅੱਤਲ ਵਿਧਾਇਕ ਟੀ. ਰਾਜਾ ਸਿੰਘ ਫਿਰ ਗ੍ਰਿਫਤਾਰ

ਹੈਦਰਾਬਾਦ (ਭਾਸ਼ਾ)– ਇਸਲਾਮ ਅਤੇ ਪੈਗੰਬਰ ਮੁਹੰਮਦ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਭਾਜਪਾ ਤੋਂ ਮੁਅੱਤਲ ਵਿਧਾਇਕ ਟੀ. ਰਾਜਾ ਸਿੰਘ ਨੂੰ ਹੈਦਰਾਬਾਦ ਪੁਲਸ ਨੇ ਵੀਰਵਾਰ ਨੂੰ ਚੌਕਸੀ ਵਜੋਂ ਹਿਰਾਸਤ ਐਕਟ ਤਹਿਤ ਮੁੜ ਗ੍ਰਿਫਤਾਰ ਕਰ ਲਿਆ। ਰਾਜਾ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਹੈਦਰਾਬਾਦ ਵਿਚ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟੀ. ਰਾਜਾ ਸਿੰਘ ਨੂੰ ਪਹਿਲਾਂ 3 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਉਸ ਦਿਨ ਬਾਅਦ ਵਿਚ ਇਕ ਸਥਾਨਕ ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ ਕਿਉਂਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਦੇ ਸਮੇਂ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ।

ਮੰਗਲਹਾਟ ਪੁਲਸ ਥਾਣੇ ਵਿਚ ਰਾਜਾ ਸਿੰਘ ਖਿਲਾਫ ਦਰਜ ਸ਼ਿਕਾਇਤ ਵਿਚ ਉਸ ਨੂੰ ਇਕ ਵਿਖਾਵਾਕਾਰੀ ਕਰਾਰ ਦਿੰਦੇ ਹੋਏ ਪੁਲਸ ਨੇ ਕਿਹਾ ਕਿ ਉਹ ਆਦਤ ਵਜੋਂ ਭੜਕਾਊ ਭਾਸ਼ਣ ਦਿੰਦਾ ਰਿਹਾ ਹੈ ਅਤੇ ਇਸ ਦੇ ਜ਼ਰੀਏ ਵੱਖ-ਵੱਖ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਪੈਦਾ ਕਰਨ ਦਾ ਕੰਮ ਕਰ ਰਿਹਾ ਹੈ। ਪੁਲਸ ਦੇ ਅੰਕੜਿਆਂ ਮੁਤਾਬਕ ਟੀ. ਰਾਜਾ ਸਿੰਘ ਖਿਲਾਫ 2004 ਤੋਂ ਹੁਣ ਤੱਕ ਕੁਲ 101 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 18 ਮਾਮਲੇ ਫਿਰਕੂ ਭਾਵਨਾਵਾਂ ਨੂੰ ਭੜਕਾਉਣ ਨਾਲ ਸੰਬੰਧਤ ਹਨ।


author

Rakesh

Content Editor

Related News