ਸੁਸ਼ਮਾ ਸਵਰਾਜ ਦੀ ਦਿਲਚਸਪ ਲਵ ਸਟੋਰੀ : ਕਾਲਜ 'ਚ ਪਿਆਰ ਤੇ ਐਮਰਜੈਂਸੀ 'ਚ ਕੀਤਾ ਵਿਆਹ
Wednesday, Aug 07, 2019 - 04:19 PM (IST)
ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਨੇ ਏਮਜ਼ ਵਿਚ ਆਖਰੀ ਸਾਹ ਲਿਆ, ਉਹ 67 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤੀ ਸਵਰਾਜ ਕੌਲ ਅਤੇ ਇਕ ਬੇਟੀ ਬਾਂਸੁਰੀ ਸਵਰਾਜ ਹੈ। ਉਨ੍ਹਾਂ ਦੀ ਜ਼ਿੰਦਾਦਿਲੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਿਆਸੀ ਸਫਰ ਹੀ ਨਹੀਂ ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਦਿਲਚਸਪ ਰਹੀ। ਆਓ ਜਾਣਦੇ ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਕਿਵੇਂ ਆਪਣੇ ਵਿਆਹ ਲਈ ਕਾਫੀ ਸੰਘਰਸ਼ ਕਰਨਾ ਪਿਆ।
— ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਅੰਬਾਲਾ ਵਿਖੇ ਹੋਇਆ ਸੀ। ਸਿਆਸਤ 'ਚ ਆਉਣ ਤੋਂ ਪਹਿਲਾਂ ਸੁਸ਼ਮਾ ਨੇ ਸੁਪਰੀਮ ਕੋਰਟ 'ਚ ਬਤੌਰ ਵਕੀਲ ਵਜੋਂ ਕੰਮ ਕੀਤਾ।
— ਸੁਸ਼ਮਾ ਨੇ ਚੰਡੀਗੜ੍ਹ 'ਚ ਲਾਅ ਦੀ ਪੜ੍ਹਾਈ ਕੀਤੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਸਵਰਾਜ ਕੌਲ ਨਾਲ ਹੋਈ।
— ਐਮਰਜੈਂਸੀ ਦੌਰਾਨ ਸੁਸ਼ਮਾ ਸਵਰਾਜ ਅਤੇ ਸਵਰਾਜ ਕੌਲ ਨੇ ਜੈਪ੍ਰਕਾਸ਼ ਨਾਰਾਇਣ ਦੇ ਅੰਦੋਲਨ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।
— ਇੱਥੋਂ ਹੀ ਦੋਹਾਂ ਦੀ ਨੇੜਤਾ ਹੋਰ ਵਧੀ ਅਤੇ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।
— ਆਪਣੇ ਵਿਆਹ ਬਾਰੇ ਸੁਸ਼ਮਾ ਨੇ ਆਪਣੇ ਘਰ ਦੱਸਿਆ ਤਾਂ ਉਨ੍ਹਾਂ ਦੇ ਪਿਤਾ ਹਰਦੇਵ ਸ਼ਰਮਾ, ਜੋ ਕਿ ਆਰ. ਐੱਸ. ਐੱਸ. ਨਾਲ ਜੁੜੇ ਹੋਏ ਸਨ, ਕਾਫੀ ਨਾਰਾਜ਼ ਹੋਏ।
— ਪਿਤਾ ਹਰਦੇਵ ਦਾ ਆਪਣੀ ਬੇਟੀ ਸੁਸ਼ਮਾ ਨਾਲ ਕਾਫੀ ਪਿਆਰ ਸੀ, ਜਿਸ ਕਾਰਨ ਉਹ ਵਿਆਹ ਲਈ ਰਾਜ਼ੀ ਹੋ ਗਏ।
— 13 ਜੁਲਾਈ 1975 ਨੂੰ ਦੋਹਾਂ ਨੇ ਵਿਆਹ ਕਰ ਲਿਆ, ਜਿਸ ਤੋਂ ਬਾਅਦ ਸੁਸ਼ਮਾ ਨੇ ਆਪਣੇ ਪਤੀ ਦੇ ਨਾਂ ਨੂੰ ਸਰਨੇਮ ਬਣਾਇਆ।
— ਸਾਬਕਾ ਵਿਦੇਸ਼ ਮੰਤਰੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪਤੀ ਸਵਰਾਜ ਕੌਲ ਨਾਲ ਤਸਵੀਰ ਸ਼ੇਅਰ ਕਰਦੀ ਸੀ, ਜਿਸ ਨੂੰ ਲੋਕ ਖੂਬ ਪਸੰਦ ਕਰਦੇ ਸਨ।
— ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਰਹਿੰਦੇ ਹੋਏ ਇਕ ਟਵੀਟ 'ਤੇ ਲੋਕਾਂ ਦੀ ਮਦਦ ਕਰਦੀ ਸੀ।