ਸੁਸ਼ਮਾ ਸਵਰਾਜ ਨੇ ਈਰਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਚਰਚਾ
Tuesday, May 14, 2019 - 05:58 PM (IST)

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਈਰਾਨ ਦੇ ਆਪਣੇ ਹਮਅਹੁਦੇਦਾਰ ਮੁਹੰਮਦ ਜਵਾਦ ਜਰੀਫ ਨਾਲ ਦੋ-ਪੱਖੀ ਸੰਬੰਧਾਂ ਅਤੇ ਆਪਸੀ ਹਿੱਤਾਂ ਨਾਲ ਜੁੜੇ ਵਿਸ਼ਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਆਪਣੇ ਟਵੀਟ 'ਚ ਕਿਹਾ,''ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਦਰਮਿਆਨ ਰਚਨਾਤਮਕ ਚਰਚਾ ਹੋਈ। ਅਫਗਾਨਿਸਤਾਨ ਸਮੇਤ ਮੌਜੂਦਾ ਖੇਤਰੀ ਸਥਿਤੀ 'ਤੇ ਵਿਚਾਰਾਂ ਦਾ ਚੰਗਾ ਵਟਾਂਦਰਾ ਹੋਇਆ।'' ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਮੰਗਲਵਾਰ ਨੂੰ ਇੱਥੇ ਪੁੱਜੇ। ਉਨ੍ਹਾਂ ਦੀ ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਈਰਾਨ ਤੋਂ ਤੇਲ ਇੰਪੋਰਟ 'ਤੇ ਅਮਰੀਕਾ ਨੇ ਛੋਟ ਖਤਮ ਕਰ ਦਿੱਤੀ ਹੈ।
ਸਮਝਿਆ ਜਾਂਦਾ ਹੈ ਕਿ ਦੋਹਾਂ ਨੇਤਾਵਾਂ ਦਰਮਿਆਨ ਵਾਰਤਾ ਦੌਰਾਨ ਇਹ ਵਿਸ਼ਾ ਸਾਹਮਣੇ ਆਇਆ। 2 ਮਈ ਨੂੰ ਜਦੋਂ ਅਮਰੀਕੀ ਰਿਆਇਤ ਦੀ ਮਿਆਦ ਖਤਮ ਹੋ ਗਈ, ਉਦੋਂ ਭਾਰਤ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਨਾਲ 3 ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਨਿਪਟੇਗਾ। ਇਸ ਸੰਬੰਧ 'ਚ ਕੋਈ ਵੀ ਫੈਸਲਾ ਲੈਂਦੇ ਹੋਏ ਦੇਸ਼ ਦੀ ਊਰਜਾ ਸੁਰੱਖਿਆ, ਵਪਾਰਕ ਸੋਚ-ਵਿਚਾਰ ਅਤੇ ਆਰਥਿਕ ਹਿੱਤਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਫੈਸਲੇ ਨਾਲ ਪੈਣ ਵਾਲੇ ਪ੍ਰਭਾਵ ਨਾਲ ਨਿਪਟਣ ਲਈ ਤਿਆਰ ਹੈ। ਅਮਰੀਕਾ ਨੇ ਪਿਛਲੇ ਸਾਲ ਮਈ 'ਚ ਈਰਾਨ ਨਾਲ ਪਰਮਾਣੂੰ ਮੁੱਦੇ 'ਤੇ ਹੋਏ ਸਮਝੌਤੇ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਈਰਾਨ 'ਤੇ ਪਾਬੰਦੀ ਫਿਰ ਤੋਂ ਲਾਗੂ ਹੋ ਗਈ। ਪਾਬੰਦੀ ਤੋਂ ਬਾਅਦ ਅਮਰੀਕਾ ਨੇ ਭਾਰਤ ਸਮੇਤ 8 ਦੇਸ਼ਾਂ ਨੂੰ ਈਰਾਨ ਤੋਂ ਤੇਲ ਇੰਪੋਰਟ 'ਚ ਕਮੀ ਲਿਆਉਣ ਅਤੇ ਹੌਲੀ-ਹੌਲੀ ਇਸ ਨੂੰ ਬੰਦ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ। ਦੋਵੇਂ ਪੱਖ ਈਰਾਨ ਸਥਿਤ ਚਾਬਹਾਰ ਬੰਦਰਗਾਹ ਪ੍ਰਾਜੈਕਟ ਨੂੰ ਵੀ ਅਹਿਮ ਦੱਸ ਰਹੇ ਹਨ।