ਭਾਰਤ-ਅਮਰੀਕਾ ਨੇ ਪਾਕਿਸਤਾਨ ''ਤੇ ਬੋਲਿਆ ਹਮਲਾ, ਕਿਹਾ— ਅੱਤਵਾਦ ਨੂੰ ਸ਼ਰਨ ਦੇਣਾ ਕਰੇ ਬੰਦ

Wednesday, Oct 25, 2017 - 04:08 PM (IST)

ਭਾਰਤ-ਅਮਰੀਕਾ ਨੇ ਪਾਕਿਸਤਾਨ ''ਤੇ ਬੋਲਿਆ ਹਮਲਾ, ਕਿਹਾ— ਅੱਤਵਾਦ ਨੂੰ ਸ਼ਰਨ ਦੇਣਾ ਕਰੇ ਬੰਦ

ਨਵੀਂ ਦਿੱਲੀ/ਵਾਸ਼ਿੰਗਟਨ— ਭਾਰਤ ਅਤੇ ਅਮਰੀਕਾ ਨੇ ਆਪਣੇ ਸੰਦੇਸ਼ ਵਿਚ ਪਾਕਿਸਤਾਨ ਨੂੰ ਸਾਫ ਕਿਹਾ ਹੈ ਕਿ ਉਹ ਆਪਣੀ ਸਰਜਮੀਂ 'ਤੇ ਸਰਗਰਮ ਅੱਤਵਾਦ ਨੂੰ ਨਸ਼ਟ ਕਰੇ ਅਤੇ ਸ਼ਰਨ ਦੇਣਾ ਬੰਦ ਕਰੇ। ਇਸ ਦੇ ਨਾਲ ਹੀ ਦੋਹਾਂ ਦੇਸ਼ਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਅੰਦਰ ਅੱਤਵਾਦੀਆਂ ਦੀ ਸ਼ਰਨਸਥਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੱਥੇ ਵਿਸਥਾਰਪੂਵਰਕ ਗੱਲਬਾਤ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਿਹਾ ਕਿ ਪਾਕਿਸਤਾਨ ਖੇਤਰ ਵਿਚ ਅਤੇ ਖਾਸ ਤੌਰ 'ਤੇ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸੁਰੱਖਿਆ ਲਈ ਅੱਤਵਾਦੀ ਸਮੂਹਾਂ ਵਿਰੁੱਧ ਠੋਸ ਕਾਰਵਾਈ ਕਰੇ। 
ਸੁਸ਼ਮਾ ਨਾਲ ਸਾਂਝੇ ਰੂਪ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਟਿਲਰਸਨ ਨੇ ਕਿਹਾ, ''ਅੱਤਵਾਦ ਦੇ ਸ਼ਰਨਸਥਲੀ ਬਰਦਾਸ਼ਤ ਨਹੀਂ ਕੀਤੇ ਜਾਣਗੇ।'' ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦੀ ਸਮੁਹਾਂ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਸੁਸ਼ਮਾ ਅਤੇ ਟਿਲਰਸਨ ਨੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ਅਤੇ ਵਪਾਰ ਸੰਬੰਧਾਂ 'ਚ ਬਿਹਤਰੀ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। 
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤ ਦੀ ਫੌਜ ਨੂੰ ਆਧੁਨਿਕੀਕਰਨ ਲਈ ਸਰਵਉੱਚ ਤਕਨਾਲੋਜੀ ਮੁਹੱਈਆ ਕਰਾਉਣ ਨੂੰ ਤਿਆਰ ਹਨ। ਅਮਰੀਕਾ, ਭਾਰਤ ਨਾਲ ਲੜਾਕੂ ਜਹਾਜ਼ਾਂ ਐੱਫ-16 ਅਤੇ ਐੱਫ-18 ਦੇ ਸੌਦਿਆਂ 'ਤੇ ਚਰਚਾ ਨੂੰ ਲੈ ਕੇ ਕਾਫੀ ਉਤਸ਼ਾਹਤ ਹੈ। ਟਿਲਰਸਨ ਨੇ ਕਿਹਾ ਕਿ ਭਾਰਤ, ਅਮਰੀਕਾ-ਅਫਗਾਨਿਸਤਾਨ ਨੀਤੀ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਉਤਸੁਕ ਹੈ। ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਨੇ ਐੱਚ-1ਬੀ ਵੀਜ਼ਾ ਮੁੱਦੇ 'ਤੇ ਵੀ ਚਰਚਾ ਕੀਤੀ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਬੇਨਤੀ ਕੀਤੀ ਹੈ ਕਿ ਭਾਰਤੀਆਂ 'ਤੇ ਉਲਟ ਪ੍ਰਭਾਵ ਪਾਉਣ ਵਾਲੀ ਕਾਰਵਾਈ ਨਾ ਕੀਤੀ ਜਾਵੇ।


Related News