ਰਾਹੁਲ ਦੀ ਬ੍ਰਿਟਿਸ਼ ਨਾਗਰਿਕਤਾ ਨਾਲ ਜੁੜੀ ਪਟੀਸ਼ਨ ਸੁਪਰੀਮ ਕੋਰਟ ''ਚ ਖਾਰਜ

Thursday, May 09, 2019 - 12:33 PM (IST)

ਰਾਹੁਲ ਦੀ ਬ੍ਰਿਟਿਸ਼ ਨਾਗਰਿਕਤਾ ਨਾਲ ਜੁੜੀ ਪਟੀਸ਼ਨ ਸੁਪਰੀਮ ਕੋਰਟ ''ਚ ਖਾਰਜ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ 'ਬ੍ਰਿਟਿਸ਼ ਨਾਗਰਿਕਤਾ' ਕਾਰਨ ਲੋਕ ਸਭਾ ਚੋਣਾਂ ਲੜਨ ਲਈ ਅਯੋਗ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਰਾਹੁਲ ਨੇ ਆਪਣੀ ਮਰਜ਼ੀ ਨਾਲ ਬ੍ਰਿਟਿਸ਼ ਨਾਗਰਿਕਤਾ ਹਾਸਲ ਕੀਤੀ ਸੀ, ਇਸ ਕਾਰਨ ਕੋਰਟ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਵੇ ਕਿ ਗਾਂਧੀ ਨੂੰ ਚੋਣ ਲੜਨ ਤੋਂ ਰੋਕਿਆ ਜਾਵੇ। ਪਟੀਸ਼ਨ 'ਚ ਇਹ ਵੀ ਮੰਗ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਗ੍ਰਹਿ ਮੰਤਰਾਲੇ ਨੂੰ ਨਿਰਦੇਸ਼ ਦੇਵੇ ਕਿ ਮੰਤਰਾਲਾ ਰਾਹੁਲ ਦੀ ਨਾਗਰਿਕਤਾ ਬਾਰੇ ਮਿਲੀ ਸ਼ਿਕਾਇਤ 'ਤੇ ਜਲਦ ਫੈਸਲਾ ਕਰੇ। ਪਟੀਸ਼ਨ ਨੂੰ ਖਾਰਜ ਕਰਦੇ ਹੋਏ ਚੀਫ ਜਸਟਿਸ ਰੰਜਨ ਗੋਗੋਈ ਨੇ ਟਿੱਪਣੀ ਕੀਤੀ ਕਿ ਕੋਈ ਕੰਪਨੀ ਕਿਸੇ ਫਾਰਮ 'ਚ ਰਾਹੁਲ ਗਾਂਧੀ ਨੂੰ ਬ੍ਰਿਟਿਸ਼ ਨਾਗਰਿਕ ਦੇ ਤੌਰ 'ਤੇ ਜ਼ਿਕਰ ਕਰਦੀ ਹੈ ਤਾਂ ਕੀ ਅਜਿਹਾ ਕਰਨ ਨਾਲ ਉਹ ਬ੍ਰਿਟਿਸ਼ ਨਾਗਰਿਕ ਹੋ ਗਏ।

ਇਹ ਪਟੀਸ਼ਨ ਯੂਨਾਈਟੇਡ ਹਿੰਦੂ ਫਰੰਟ ਦੇ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਸ਼ਰਮਾ ਅਤੇ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸੀ.ਪੀ. ਕੌਸ਼ਿਕ ਵਲੋਂ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਰਾਹੁਲ ਗਾਂਧੀ ਨੂੰ ਉਦੋਂ ਤੱਕ ਚੋਣ ਲੜਨ ਤੋਂ ਰੋਕਿਆ ਜਾਵੇ, ਜਦੋਂ ਤੱਕ ਕਿ ਉਨ੍ਹਾਂ ਦੀ ਨਾਗਰਿਕਤਾ ਦੇ ਮਾਮਲੇ 'ਚ ਫੈਸਲਾ ਨਹੀਂ ਹੋ ਜਾਂਦਾ। ਗ੍ਰਹਿ ਮੰਤਰਾਲੇ ਨੇ ਹਾਲ ਹੀ 'ਚ ਰਾਹੁਲ ਗਾਂਧੀ ਨੂੰ ਨਾਗਰਿਕਤਾ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਸੀ ਅਤੇ 15 ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ।


author

DIsha

Content Editor

Related News