ਪਾਕਿ ਸਮਰਥਕ ਕਾਜ਼ੀ ਨੇ ਮੰਗੀ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ; ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

Thursday, Aug 27, 2026 - 09:43 AM (IST)

ਪਾਕਿ ਸਮਰਥਕ ਕਾਜ਼ੀ ਨੇ ਮੰਗੀ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ; ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅਮਰੀਕਾ ਵਿਚ ਰਹਿ ਰਹੇ ਖਾਲਿਦ ਜਹਾਂਗੀਰ ਕਾਜ਼ੀ ਦੀ ਉਸ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਭੈਣ ਦੇ ਪਰਿਵਾਰ ਵਿਚ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਜੰਮੂ-ਕਸ਼ਮੀਰ ਜਾਣ ਦੀ ਇਜਾਜ਼ਤ ਦਿੱਤੇ ਜਾਣ ਦੀ ਅਪੀਲ ਕੀਤੀ ਹੈ। 

ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ 82 ਸਾਲਾ ਕਾਜ਼ੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪਰਾਗ ਤ੍ਰਿਪਾਠੀ ਦੀਆਂ ਦਲੀਲਾਂ ’ਤੇ ਗ਼ੌਰ ਕੀਤਾ। ਤ੍ਰਿਪਾਠੀ ਨੇ ਕਿਹਾ ਕਿ ਕਾਜ਼ੀ ਸਿਰਫ਼ ਵਿਆਹ ਵਿਚ ਸ਼ਾਮਲ ਹੋਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਜਾਣਾ ਚਾਹੁੰਦੇ ਹਨ। ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ (ਓ. ਸੀ. ਆਈ.) ਕਾਰਡਧਾਰਕ ਕਾਜ਼ੀ ’ਤੇ ‘ਪਾਕਿਸਤਾਨ ਸਮਰਥਕ ਪ੍ਰਚਾਰ’ ਵਿਚ ਸ਼ਾਮਲ ਹੋਣ ਅਤੇ ਕਸ਼ਮੀਰੀ ਵੱਖਵਾਦੀਆਂ ਪ੍ਰਤੀ ਹਮਦਰਦੀ ਰੱਖਣ ਦੇ ਦੋਸ਼ ਹਨ।

ਸਰਕਾਰ ਨੇ ਮਈ 2023 ਵਿਚ ਇਹ ਕਹਿੰਦੇ ਹੋਏ ਉਨ੍ਹਾਂ ਦਾ ਓ. ਸੀ. ਆਈ. ਕਾਰਡ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਦੀਆਂ ਗਤੀਵਿਧੀਆਂ ‘ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਦੇ ਉਲਟ’ ਸਨ। ਇਸ ਤੋਂ ਇਲਾਵਾ, ਵਿਦੇਸ਼ੀ ਐਕਟ ਤਹਿਤ ਉਨ੍ਹਾਂ ਦਾ ਨਾਂ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਸੀ। ਜਦੋਂ ਤ੍ਰਿਪਾਠੀ ਨੇ ਇਹ ਕਹਿੰਦੇ ਹੋਏ ਮਾਮਲੇ ’ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਕਿ ਦੇਰੀ ਹੋਣ ’ਤੇ ਕਾਜ਼ੀ ਵਿਆਹ ਵਿਚ ਸ਼ਾਮਲ ਨਹੀਂ ਹੋ ਸਕਣਗੇ, ਤਾਂ ਬੈਂਚ ਨੇ ਕਿਹਾ ਕਿ ਉਸ ਨੂੰ ਦੂਜੀ ਧਿਰ ਨੂੰ ਵੀ ਸੁਣਨਾ ਪਵੇਗਾ।


author

Harpreet SIngh

Content Editor

Related News