ਸਮਲਿੰਗੀ ਵਿਆਹ ਮਾਮਲੇ 'ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ
Friday, Apr 21, 2023 - 10:01 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਸਹਿਮਤੀ ਨਾਲ ਬਣੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ’ਚੋਂ ਬਾਹਰ ਕਰਨ ਤੋਂ ਬਾਅਦ ਅਗਲੇ ਕਦਮ ਦੇ ਰੂਪ ’ਚ ‘ਵਿਆਹ ਦੀ ਵਿਕਸਿਤ ਹੁੰਦੀ ਧਾਰਣਾ’ ਦੀ ਫਿਰ ਤੋਂ ਵਿਆਖਿਆ ਕੀਤੀ ਜਾ ਸਕਦੀ ਹੈ। ਅਦਾਲਤ ਨੇ ਕਿਹਾ ਕਿ ਸਹਿਮਤੀ ਨਾਲ ਬਣੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਸਪਸ਼ਟ ਤੌਰ ’ਤੇ ਮੰਨਿਆ ਗਿਆ ਕਿ ਸਮਲਿੰਗੀ ਲੋਕ ਪੱਕੇ ਵਿਆਹ ਵਰਗੇ ਰਿਸ਼ਤੇ ’ਚ ਇਕੱਠੇ ਰਹਿ ਸਕਦੇ ਹਨ।
ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਸਮਲਿੰਗੀ ਵਿਆਹ ਲਈ ਕਾਨੂੰਨੀ ਮਨਜ਼ੂਰੀ ਦੀ ਅਪੀਲ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਹੈ। ਬੈਂਚ ਇਸ ਦਲੀਲ ਨਾਲ ਸਹਿਮਤ ਨਹੀਂ ਸੀ ਕਿ ਵਿਰੋਧੀ ਲਿੰਗ ਦੇ ਉਲਟ ਸਮਲਿੰਗੀ ਜੋੜੇ ਆਪਣੇ ਬੱਚਿਆਂ ਦੀ ਸਹੀ ਦੇਖਭਾਲ ਨਹੀਂ ਕਰ ਸਕਦੇ। ਇਸ ਮਾਮਲੇ ’ਚ ਦਲੀਲਾਂ ਅਜੇ ਪੂਰੀਆਂ ਨਹੀਂ ਹੋਈਆਂ ਹਨ ਅਤੇ ਅਗਲੀ ਸੁਣਵਾਈ 24 ਅਪ੍ਰੈਲ ਨੂੰ ਮੁੜ ਸ਼ੁਰੂ ਹੋਵੇਗੀ।