ਫਾਂਸੀ ਦੀ ਬਜਾਏ ਦਿੱਤੀ ਜਾਵੇ ਇਹ ਸਜ਼ਾ, ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ

09/21/2017 8:54:02 PM

ਨਵੀਂ ਦਿੱਲੀ— ਫਾਂਸੀ ਦੀ ਸਜ਼ਾ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਅਵਾਜ਼ ਚੁੱਕੀ ਜਾ ਰਹੀ ਹੈ। ਹਾਲ ਹੀ 'ਚ ਸੁਪਰੀਮ ਕੋਰਟ 'ਚ ਇਸ ਸੰਬੰਧਿਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਜਿਸ 'ਚ ਕਿਹਾ ਗਿਆ ਹੈ ਕਿ ਜੀਵਨ ਦੀ ਤਰ੍ਹਾਂ ਮੌਤ ਵੀ ਸਨਮਾਨਜਨਕ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਦੇ ਵਕੀਲ ਰਿਸ਼ੀ ਮਲਹੋਤਰਾ ਵਲੋਂ ਦਾਇਰ ਇਸ ਪਟੀਸ਼ਨ 'ਚ ਅਦਾਲਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸਜ਼ਾ-ਏ-ਮੌਤ ਦੇ ਤਰੀਕੇ 'ਤੇ ਵਿਚਾਰ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਦਿੱਤੀ ਜਾਣ ਵਾਲੀ ਸਜ਼ਾ-ਏ-ਮੌਤ ਬੇਹੱਦ ਦਰਦਨਾਕ ਘਟਨਾ ਹੈ ਅਤੇ ਫਾਂਸੀ ਦੀ ਸਜ਼ਾ ਦਿੱਤੇ ਜਾਣ 'ਚ ਕਰੀਬ 40 ਮਿੰਟ ਦਾ ਸਮਾਂ ਲੱਗਦਾ ਹੈ।
ਮਲਹੋਤਰਾ ਨੇ ਕੋਰਟ ਨੂੰ ਕਿਹਾ ਕਿ ਜੇਕਰ ਇਕ ਦੋਸ਼ੀ ਨੂੰ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਮੌਤ ਦਿੱਤੀ ਜਾਵੇ ਤਾਂ ਇਸ 'ਚ ਘੱਟ ਸਮਾਂ ਲੱਗੇਗਾ ਅਤੇ ਉਸ ਨੂੰ ਜ਼ਿਆਦਾ ਤਕਲੀਫ ਵੀ ਨਹੀਂ ਹੋਵੇਗੀ। ਉਸ ਨੇ ਕਿਹਾ ਕਿ ਦੂਜੇ ਦੇਸ਼ਾਂ 'ਚ ਗੋਲੀ ਅਤੇ ਜ਼ਹਿਰ ਨਾਲ ਮੌਤ ਦੇਣ ਦੇ ਤਰੀਕੇ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ, ਜਦਕਿ ਸਾਡੇ ਦੇਸ਼ 'ਚ ਅਜੇ ਤਕ ਵੀ ਮੌਤ ਦੀ ਸਜ਼ਾ ਹੋਣ 'ਤੇ ਦੋਸ਼ੀ ਨੂੰ ਰੱਸੀ ਨਾਲ ਲਟਕਾ ਕੇ ਫਾਂਸੀ ਦਿੱਤੀ ਜਾਂਦੀ ਹੈ।
ਮਲਹੋਤਰਾ ਨੇ ਪੰਜਾਬ ਸਰਕਾਰ ਖਿਲਾਫ ਗਿਆਨ ਕੌਰ (1996) ਦੇ ਕੇਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਵੇਂ ਸਨਮਾਨਜਨਕ ਜੀਵਨ ਦੇ ਅਧਿਕਾਰਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ, ਤਾਂ ਜ਼ਿੰਦਗੀ ਨੂੰ ਖਤਮ ਕਰਨ ਲਈ ਵੀ ਇਸ ਦਾ ਬਰਾਬਰ ਮਹੱਤਵ ਹੋਣਾ ਚਾਹੀਦਾ ਹੈ। ਮਲਹੋਤਰਾ ਨੇ ਇਹ ਵੀ ਦੱਸਿਆ ਕਿ ਲਾਅ ਪੈਨਲ ਨੇ 1967 'ਚ ਆਪਣੀ 35ਵੀਂ ਰਿਪੋਰਟ 'ਚ ਵੀ ਫਾਂਸੀ ਤੋਂ ਇਲਾਵਾ ਦੂਜੇ ਤਰੀਕਿਆਂ ਨਾਲ ਸ਼ਜਾ-ਏ-ਮੌਤ ਦਿੱਤੇ ਜਾਣ ਦਾ ਪ੍ਰਸਤਾਵ ਦਿੱਤਾ ਸੀ।
ਦਰਅਸਲ ਆਈ. ਪੀ. ਸੀ. ਦੀ ਧਾਰਾ 353 (5) 'ਚ ਮਲਹੋਤਰਾ ਨੇ ਬਦਲਾਅ ਦੀ ਮੰਗ ਕੀਤੀ ਹੈ। ਜਿਸ ਦੇ ਮੁਤਾਬਿਕ ਦੋਸ਼ੀ ਦੇ ਗਲੇ 'ਚ ਰੱਸੀ ਪਾ ਕੇ ਉਸ ਨੂੰ ਲਟਕਾ ਕੇ ਮੌਤ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦਿੱਤੇ ਜਾਣ ਦਾ ਸਨਮਾਨਜਨਕ ਤਰੀਕਾ ਹੋਣਾ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਦੇ ਮਨੁੱਖੀ ਅਧਿਕਾਰ ਸੰਗਠਨ ਵੀ ਫਾਂਸੀ ਦੀ ਸ਼ਜਾ ਦੇ ਖਿਲਾਫ ਹਨ। ਹਾਲਾਂਕਿ ਕਈ ਸੰਗਠਨ ਤਾਂ ਮੌਤ ਦੀ ਸਜ਼ਾ ਦੇਣ ਦੇ ਹੀ ਖਿਲਾਫ ਹਨ।  
 


Related News