ਸੁਪਰੀਮ ਕੋਰਟ ਨੇ ਸਿਗਰਟਨੋਸ਼ੀ ਲਈ ਉਮਰ ਹੱਦ ਵਧਾਉਣ ਨਾਲ ਜੁੜੀ ਪਟੀਸ਼ਨ ਕੀਤੀ ਖਾਰਿਜ
Saturday, Jul 23, 2022 - 11:25 AM (IST)
ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਿਗਰਟਨੋਸ਼ੀ ਕਰਨ ਦੀ ਉਮਰ ਹੱਦ 18 ਤੋਂ ਵਧਾ ਕੇ 21 ਸਾਲ ਕਰਨ ਲਈ ਦਿਸ਼ਾ-ਨਿਰਦੇਸ਼ ਦੀ ਬੇਨਤੀ ਕਰਨ ਵਾਲੀ ਇਕ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਇਸ ਪਟੀਸ਼ਨ ਵਿਚ ਸਿੱਖਿਆ ਅਤੇ ਹਸਪਤਾਲ ਨਾਲ ਜੁੜੀਆਂ ਸੰਸਥਾਵਾਂ ਅਤੇ ਪ੍ਰਾਰਥਨਾ ਵਾਲੀਆਂ ਥਾਵਾਂ ਨੇੜੇ ਖੁਦਰਾ ਸਿਗਰਟ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਵੀ ਬੇਨਤੀ ਕੀਤੀ ਗਈ ਸੀ। ਜਸਟਿਸ ਐੱਸ. ਕੇ. ਕੌਲ ਅਤੇ ਜਸਟਿਸ ਸੁਧਾਂਸ਼ੂ ਧੁਲੀਆ ਦੀ ਬੈਂਚ ਨੇ 2 ਵਕੀਲਾਂ ਵਲੋਂ ਦਾਇਰ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।
ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਬੈਂਚ ਨੇ ਕਿਹਾ ਕਿ ਜੇਕਰ ਤੁਸੀਂ ਪ੍ਰਚਾਰ ਚਾਹੁੰਦੇ ਹੋ ਤਾਂ ਚੰਗੇ ਕੇਸ ’ਤੇ ਬਹਿਸ ਕਰੋ, ਪ੍ਰਚਾਰ ਹਿੱਤ ਪਟੀਸ਼ਨ ਨਾ ਦਾਇਰ ਕਰੋ। ਚੋਟੀ ਦੀ ਅਦਾਲਤ ਉਸ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਨੂੰ ਦਿਸ਼ਾ-ਨਿਰਦੇਸ਼ ਦੇਣ ਦੀ ਬੇਨਤੀ ਕਰਦੇ ਹੋਏ ਵਕੀਲ ਸ਼ੁਭਮ ਅਵਸਥੀ ਅਤੇ ਸਪਤਰਿਸ਼ੀ ਮਿਸ਼ਰਾ ਵਲੋਂ ਦਾਇਰ ਕੀਤਾ ਗਿਆ ਸੀ। ਪਟੀਸ਼ਨ ਵਿਚ ਵਣਜਕ ਥਾਵਾਂ ਤੋਂ ਸਿਗਰਟਨੋਸ਼ੀ ਖੇਤਰ ਨੂੰ ਹਟਾਉਣ ਦੀ ਵੀ ਬੇਨਤੀ ਕੀਤੀ ਗਈ ਸੀ।
ਸਿਗਰਟ ਦੇ ਪੈਕੇਟ ’ਤੇ ਹੁਣ ਲਿਖਿਆ ਹੋਵੇਗਾ ‘ਤੰਬਾਕੂ ਸੇਵਨ ਯਾਨੀ ਅਕਾਲ ਮੌਤ’
ਸਿਗਰਟ ਅਤੇ ਹੋਰ ਤੰਬਾਕੂ ਵਾਲੇ ਪਦਾਰਥਾਂ ਦੀ ਪੈਕਿੰਗ ਲਈ ਕੇਂਦਰ ਸਰਕਾਰ ਨੇ ਨਵੇਂ ਨਿਰਦੇਸ਼ ਜਾਰੀ ਕੀਤੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਹੁਣ ਸਿਗਰਟ ਅਤੇ ਹੋਰ ਉਤਪਾਦਾਂ ਦੇ ਪੈਕੇਟਾਂ ’ਤੇ ਵੱਡੇ ਅਖਰਾਂ ਵਿਚ ‘ਤੰਬਾਕੂ ਸੇਵਨ ਯਾਨੀ ਅਕਾਲ ਮੌਤ’ ਲਿਖਣਾ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤੰਬਾਕੂ ਵਾਲੇ ਪਦਾਰਥਾਂ ਦੇ ਪੈਕੇਟ ’ਤੇ ਤੰਬਾਕੂ ਯਾਨੀ ਦਰਦਨਾਕ ਮੌਤ ਲਿਖਿਆ ਹੁੰਦਾ ਸੀ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਸੋਧੇ ਨਿਯਮ 21 ਜੁਲਾਈ ਨੂੰ ਜਾਰੀ ਕੀਤੇ ਗਏ। ਨਵੇਂ ਨਿਯਮ 1 ਦਸੰਬਰ 2022 ਤੋਂ ਲਾਗੂ ਹੋਣਗੇ। ਇਸ ਤੋਂ ਇਲਾਵਾ ਪੈਕੇਟ ਦੇ ਪਿਛਲੇ ਹਿੱਸੇ ਵਿਚ ਕਾਲੇ ਪਿਛੋਕੜ ’ਤੇ ਸਫੇਦ ਅਖਰਾਂ ਵਿਚ ‘ਅੱਜ ਹੀ ਛੱਡੋ, ਕਾਲ ਕਰੋ 1800-11-2356’ ਲਿਖਿਆ ਹੋਵੇਗਾ।