ਸੁਪਰੀਮ ਕੋਰਟ ਦੇ ਵਕੀਲ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਅੱਤਵਾਦੀ ਐਲਾਨਣ ਦੀ ਅਪੀਲ

Tuesday, Feb 28, 2023 - 10:23 AM (IST)

ਸੁਪਰੀਮ ਕੋਰਟ ਦੇ ਵਕੀਲ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਅੱਤਵਾਦੀ ਐਲਾਨਣ ਦੀ ਅਪੀਲ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਗ੍ਰਹਿ ਮੰਤਰਾਲਾ ਨੂੰ ਚਿੱਠੀ ਲਿਖ ਕੇ ਅੰਮ੍ਰਿਤਪਾਲ ਸਿੰਘ ਨੂੰ ਅੱਤਵਾਦੀ ਐਲਾਨਣ ਦੀ ਮੰਗ ਕੀਤੀ ਹੈ। ਵਿਨੀਤ ਜਿੰਦਲ ਨੇ ਕਿਹਾ ਕਿ ਸਾਡੇ ਦੇਸ਼ 'ਚ ਕਿਸ ਤਰ੍ਹਾਂ ਖ਼ਾਲਿਸਤਾਨ ਨੂੰ ਲੈ ਕੇ ਪ੍ਰੋਪੋਗੈਂਡਾ ਫੈਲਾਇਆ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਜਥੇਬੰਦੀ 'ਵਾਰਿਸ ਪੰਜਾਬ ਦੇ' ਲਗਾਤਾਰ ਸਾਡੇ ਦੇਸ਼ ਦੇ ਨੇਤਾਵਾਂ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ। ਅਮਿਤ ਸ਼ਾਹ ਜੀ ਜੋ ਸਾਡੇ ਗ੍ਰਹਿ ਮੰਤਰੀ ਹਨ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇੰਨਾ ਹੀ ਨਹੀਂ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਹਨ। 

ਵਨੀਤ ਜਿੰਦਲ ਨੇ ਕਿਹਾ ਕਿ ਇਹ ਲੋਕ ਧਰਮ ਦੇ ਨਾਮ 'ਤੇ ਦੇਸ਼ ਨੂੰ ਵੰਡਣ ਦੀ ਗੱਲ ਰਹੇ ਹਨ। ਅੰਮ੍ਰਿਤਪਾਲ ਆਪਣੇ ਸਾਥੀਆਂ ਨਾਲ ਹਥਿਆਰਾਂ ਸਮੇਤ ਘੁੰਮਦਾ ਹੈ, ਪੁਲਸ ਸਟੇਸ਼ਨ 'ਤੇ ਹਮਲਾ ਕਰ ਕੇ ਆਪਣੇ ਸਾਥੀ ਨੂੰ ਛਡਵਾਉਂਦਾ ਹੈ। ਅਜਿਹੇ ਵਿਅਕਤੀ ਨੂੰ ਅੱਤਵਾਦੀ ਨਹੀਂ ਕਹਾਂਗੇ ਤਾਂ ਕੀ ਕਹਾਂਗੇ। ਵਨੀਤ ਜਿੰਦਲ ਨੇ ਕਿਹਾ ਕਿ ਇਸ ਨੂੰ ਲੈ ਕੇ ਮੈਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਜਥੇਬੰਦੀ 'ਵਾਰਿਸ ਪੰਜਾਬ ਦੇ' ਵਿਰੁੱਧ ਸ਼ਿਕਾਇਤ ਕੀਤੀ ਹੈ, ਜਿਸ ਨੂੰ ਮੈਂ ਗ੍ਰਹਿ ਮੰਤਰਾਲਾ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕੋਲ ਭੇਜਿਆ ਹੈ। ਜਿਸ 'ਚ ਮੈਂ ਮੰਗ ਕੀਤੀ ਹੈ ਕਿ ਯੂ. ਏ. ਪੀ. ਏ. ਐਕਟ ਦੇ ਅਧੀਨ ਅੰਮ੍ਰਿਤਪਾਲ ਸਿੰਘ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਅੱਤਵਾਦੀ ਐਲਾਨਿਆ ਜਾਵੇ, ਇਸ ਦੇ ਨਾਲ ਹੀ ਇਨ੍ਹਾਂ 'ਤੇ ਬੈਨ ਲਗਾਇਆ ਜਾਵੇ ਤਾਂ ਜੋ ਇਨ੍ਹਾਂ ਨੂੰ ਦੇਸ਼ ਖ਼ਿਲਾਫ਼ ਕੰਮ ਕਰਨ ਤੋਂ ਰੋਕਿਆ ਜਾ ਸਕੇ।

PunjabKesari

ਦੱਸਣਯੋਗ ਹੈ ਕਿ ਅਜਨਾਲਾ ਪੁਲਸ ਵਲੋਂ ਬੀਤੇ ਦਿਨੀਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਵਿਰੋਧ ਵਿਚ ਅੰਮ੍ਰਿਤਪਾਲ ਸਿੰਘ ਵਲੋਂ ਅਜਨਾਲਾ ਥਾਣੇ ਦਾ ਸਮਰਥਕਾਂ ਸਮੇਤ ਘਿਰਾਓ ਕੀਤਾ ਗਿਆ, ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਥਾਣੇ ’ਤੇ ਕਬਜ਼ਾ ਵੀ ਕਰ ਲਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਵਲੋਂ ਥਾਣੇ ਦੇ ਘਿਰਾਓ ਮੌਕੇ ਪਾਲਕੀ ਸਾਹਿਬ ਨਾਲ ਲੈ ਕੇ ਜਾਣ ’ਤੇ ਚੁਫੇਰਿਓਂ ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਇਸ ਸਭ ਦੇ ਦਰਮਿਆਨ ਸ਼ੁੱਕਰਵਾਰ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਲਵਪ੍ਰੀਤ ਸਿੰਘ ਤੂਫਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਇਕੱਠੇ ਹੋ ਕੇ ਰਹਿਣ ਦੀ ਲੋੜ ਹੈ। ਤੂਫਾਨ ਨੇ ਕਿਹਾ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ ਗਿਆ ਹੈ। ਇਸ ਲਈ ਉਹ ਸਾਰੇ ਪੁਲਸ ਅਫਸਰਾਂ ਦਾ ਧੰਨਵਾਦ ਕਰਦੇ ਹਨ। 


author

DIsha

Content Editor

Related News