ਸੁਪਰਸਟਾਰ 'ਪੁਸ਼ਪਾ' ਦੀਆਂ ਵਧੀਆਂ ਮੁਸ਼ਕਲਾਂ ! ਅੱਲੂ ਅਰਜੁਨ ਸਮੇਤ 23 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ

Saturday, Dec 27, 2025 - 07:44 PM (IST)

ਸੁਪਰਸਟਾਰ 'ਪੁਸ਼ਪਾ' ਦੀਆਂ ਵਧੀਆਂ ਮੁਸ਼ਕਲਾਂ !  ਅੱਲੂ ਅਰਜੁਨ ਸਮੇਤ 23 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ

ਨੈਸ਼ਨਲ ਡੈਸਕ : ਤੇਲਗੂ ਫਿਲਮਾਂ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਇੱਕ ਵਾਰ ਫਿਰ ਕਾਨੂੰਨੀ ਸ਼ਿਕੰਜੇ ਵਿੱਚ ਫਸਦੇ ਨਜ਼ਰ ਆ ਰਹੇ ਹਨ। ਹੈਦਰਾਬਾਦ ਪੁਲਸ ਨੇ ਪਿਛਲੇ ਸਾਲ ਫਿਲਮ 'ਪੁਸ਼ਪਾ-2' ਦੇ ਪ੍ਰੀਮੀਅਰ ਦੌਰਾਨ ਹੋਈ ਭਗਦੜ ਦੇ ਸਬੰਧ ਵਿੱਚ ਅੱਲੂ ਅਰਜੁਨ ਸਮੇਤ 23 ਲੋਕਾਂ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ (ਆਰੋਪ-ਪੱਤਰ) ਦਾਇਰ ਕਰ ਦਿੱਤੀ ਹੈ। ਇਸ ਮੰਦਭਾਗੀ ਘਟਨਾ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ।
24 ਦਸੰਬਰ ਨੂੰ ਦਾਇਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਸੰਧਿਆ ਥੀਏਟਰ ਦੇ ਪ੍ਰਬੰਧਕਾਂ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ, ਜਦਕਿ ਅਦਾਕਾਰ ਅੱਲੂ ਅਰਜੁਨ ਨੂੰ ਮੁਲਜ਼ਮ ਨੰਬਰ 11 ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਰਜੁਨ ਦੇ ਮੈਨੇਜਰ, ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ, ਬਾਊਂਸਰ ਅਤੇ ਇਵੈਂਟ ਆਯੋਜਕਾਂ ਨੂੰ ਵੀ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਕੀ ਸੀ ਪੂਰਾ ਮਾਮਲਾ?
 4 ਦਸੰਬਰ 2024 ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ਵਿੱਚ 'ਪੁਸ਼ਪਾ-2' ਦੀ ਸਕ੍ਰੀਨਿੰਗ ਰੱਖੀ ਗਈ ਸੀ। ਅਦਾਕਾਰ ਅੱਲੂ ਅਰਜੁਨ ਦੀ ਇੱਕ ਝਲਕ ਪਾਉਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਉਮੜ ਪਈ, ਜਿਸ ਕਾਰਨ ਉੱਥੇ ਭਗਦੜ ਮਚ ਗਈ। ਇਸ ਹਾਦਸੇ ਵਿੱਚ 35 ਸਾਲਾ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਉਸ ਦਾ 8 ਸਾਲਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਘਟਨਾ ਤੋਂ ਬਾਅਦ ਪੁਲਸ ਨੇ ਭਾਰਤੀ ਨਿਆ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਲੂ ਅਰਜੁਨ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।
14 ਮੁਲਜ਼ਮ ਹੋ ਚੁੱਕੇ ਹਨ ਗ੍ਰਿਫ਼ਤਾਰ
 ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ। ਕੁੱਲ 23 ਮੁਲਜ਼ਮਾਂ ਵਿੱਚੋਂ ਹੁਣ ਤੱਕ 14 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ 9 ਮੁਲਜ਼ਮਾਂ ਨੂੰ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ ਨੋਟਿਸ ਜਾਰੀ ਕੀਤੇ ਗਏ ਹਨ।


author

Shubam Kumar

Content Editor

Related News