ਖੁਦ ਨੂੰ ਸੁਪਰਮੈਨ ਸਮਝ ਵਿਦਿਆਰਥੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ
Wednesday, Oct 30, 2024 - 03:26 PM (IST)
ਕੋਇਬਟੂਰ- ਤਾਮਿਲਨਾਡੂ ਦੇ ਕੋਇਬਟੂਰ ਵਿਚ ਇਕ ਅਜੀਬ ਘਟਨਾ ਵਾਪਰੀ ਹੈ, ਜੋ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ। ਇਕ ਮੁੰਡਾ, ਜਿਸ ਦਾ ਨਾਂ ਪ੍ਰਭੂ ਹੈ, ਉਹ ਇੰਜੀਨੀਅਰਿੰਗ ਕਾਲਜ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵਿਦਿਆਰਥੀ ਹੈ, ਨੇ ਆਪਣੇ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਦਾ ਫੈਸਲਾ ਕੀਤਾ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸਦੇ ਕੋਲ ਸੁਪਰ ਸ਼ਕਤੀਆਂ ਹਨ ਅਤੇ ਉਸ ਨੂੰ ਕੁਝ ਨਹੀਂ ਹੋਵੇਗਾ। ਖੁਸ਼ਕਿਸਮਤੀ ਨਾਲ ਪ੍ਰਭੂ ਦੀ ਜਾਨ ਤਾਂ ਬਚ ਗਈ ਪਰ ਉਸ ਦੇ ਹੱਥਾਂ, ਲੱਤਾਂ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਤੋਂ ਸਾਫ਼ ਹੈ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।
CCTV ਫੁਟੇਜ ਦੀ ਕਹਾਣੀ
ਇਸ ਘਟਨਾ ਦੀ ਇਕ CCTV ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਦਿਆਰਥੀ ਹੋਸਟਲ ਦੀ ਬਾਲਕਨੀ 'ਤੇ ਖੜ੍ਹੇ ਹਨ ਅਤੇ ਆਪਣੇ ਫੋਨ 'ਚ ਰੁੱਝੇ ਹੋਏ ਹਨ। ਫਿਰ ਅਚਾਨਕ ਪ੍ਰਭੂ, ਜਿਸ ਨੇ ਨੀਲੀ ਟੀ-ਸ਼ਰਟ ਪਹਿਨੀ ਹੋਈ ਹੈ, ਤੇਜ਼ੀ ਨਾਲ ਆਉਂਦਾ ਹੈ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਛਾਲ ਮਾਰਦਾ ਹੈ। ਉੱਥੇ ਪਹਿਲਾਂ ਤੋਂ ਖੜ੍ਹੇ ਵਿਦਿਆਰਥੀਆਂ ਨੂੰ ਕੁਝ ਸਮਝਣ ਦਾ ਮੌਕਾ ਨਹੀਂ ਮਿਲਦਾ ਅਤੇ ਉਹ ਤੁਰੰਤ ਹੇਠਾਂ ਡਿੱਗ ਜਾਂਦਾ ਹੈ।
ਹਸਪਤਾਲ 'ਚ ਇਲਾਜ
ਪ੍ਰਭੂ ਦੇ ਛਾਲ ਮਾਰਨ ਤੋਂ ਬਾਅਦ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ। ਇਸ ਮਾਮਲੇ 'ਚ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪ੍ਰਭੂ ਨੇ ਅਜਿਹਾ ਖਤਰਨਾਕ ਕਦਮ ਕਿਉਂ ਚੁੱਕਿਆ ਅਤੇ ਉਸ ਦੀ ਮਾਨਸਿਕ ਸਥਿਤੀ ਕੀ ਸੀ। ਇਹ ਘਟਨਾ ਇਕ ਮਹੱਤਵਪੂਰਨ ਸਬਕ ਦਿੰਦੀ ਹੈ ਕਿ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਹ ਜਾਂਚ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।