ਹਰਿਆਣਾ 'ਚ ਲੋਕ ਸਭਾ, ਵਿਧਾਨ ਸਭਾ ਚੋਣਾਂ ਲੜਾਂਗੇ : ਸੁਖਬੀਰ ਬਾਦਲ

Sunday, Feb 17, 2019 - 05:24 PM (IST)

ਹਰਿਆਣਾ 'ਚ ਲੋਕ ਸਭਾ, ਵਿਧਾਨ ਸਭਾ ਚੋਣਾਂ ਲੜਾਂਗੇ : ਸੁਖਬੀਰ ਬਾਦਲ

ਸਿਰਸਾ— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਤਵਾਰ ਨੂੰ ਹਰਿਆਣਾ ਦੇ ਸਿਰਸਾ 'ਚ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜੇਗੀ। ਇੱਥੇ ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਿਆਸੀ ਤਾਕਤ ਮਿਲੀ ਤਾਂ ਇੱਥੋਂ ਦੇ ਕਿਸਾਨਾਂ ਦੇ ਟਿਊਬਵੈੱਲਾਂ ਅਤੇ ਗਰੀਬ ਪਰਿਵਾਰਾਂ ਦੇ ਘਰਾਂ ਵਿਚ ਬਿਜਲੀ ਬਿੱਲਾਂ 'ਤੇ ਪੰਜਾਬ ਦੀ ਤਰਜ਼ 'ਤੇ ਰਿਆਇਤ ਦਿੱਤੀ ਜਾਵੇਗੀ।

PunjabKesari

ਸੁਖਬੀਰ ਬਾਦਲ ਸਿਰਸਾ ਦੀ ਅਨਾਜ ਮੰਡੀ 'ਚ ਆਯੋਜਿਤ 'ਜਨ ਚੇਤਨਾ' ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਜਵਾਨਾਂ ਨੂੰ ਪਾਰਟੀ ਵਲੋਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸਿੱਖਾਂ ਦੀ ਵੱਡੀ ਆਬਾਦੀ ਹੈ, ਪੰਜਾਬੀਆਂ ਦੀ ਸਾਢੇ 6 ਲੱਖ ਆਬਾਦੀ ਹੈ। ਇੱਥੇ ਵਿਧਾਨ ਸਭਾ ਦੀਆਂ 25 ਤੋਂ 30 ਸੀਟਾਂ 'ਤੇ ਜਿੱਤ-ਹਾਰ ਦਾ ਫੈਸਲਾ ਸਿੱਖ ਕਰਦੇ ਹਨ ਪਰ ਸਿੱਖਾਂ ਦੀ ਤਾਕਤ ਬਿਖਰੀ ਹੋਈ ਹੈ, ਜਿਸ ਕਾਰਨ ਹੋਰ ਦਲ ਸਿੱਖਾਂ ਦਾ ਸਿਆਸੀ ਲਾਭ ਲੈ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਕੱਠੇ ਹੋ ਕੇ ਆਪਣੀ ਤਾਕਤ ਪਹਿਚਾਨਣ ਦੀ ਕੋਸ਼ਿਸ਼ ਕਰਨ। 

PunjabKesari

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਸਿਆਸੀ ਤਾਕਤ ਦੇ ਦੇਵੋ ਤਾਂ ਅਸੀਂ ਵੀ ਪੰਜਾਬ ਦੇ ਬਠਿੰਡਾ ਵਾਂਗ ਸਿਰਸਾ ਦੀ ਤਸਵੀਰ ਬਦਲ ਦੇਵਾਂਗੇ। ਉਨ੍ਹਾਂ ਕਿਹਾ ਕਿ ਚਾਹੇ ਕੋਈ ਸਿੱਖ ਉੱਤਰ ਪ੍ਰਦੇਸ਼ ਵਿਚ ਹੋਵੇ, ਮਣੀਪੁਰ ਵਿਚ ਹੋਵੇ, ਉੱਤਰਾਖੰਡ ਵਿਚ ਹੋਵੇ ਜਾਂ ਹਰਿਆਣਾ ਵਿਚ ਹੋਵੇ ਉਸ ਦੇ ਅਸਲੀ ਪੇਕੇ ਤਾਂ ਪੰਜਾਬ ਵਿਚ ਹੀ ਹਨ। ਰੈਲੀ ਵਿਚ ਜਿੱਥੇ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ), ਭਾਜਪਾ, ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਅਤੇ ਆਮ ਆਦਮੀ ਪਾਰਟੀ (ਆਪ) 'ਤੇ ਕੋਈ ਟਿੱਪਣੀ ਨਹੀਂ ਕੀਤੀ, ਉੱਥੇ ਹੀ ਕਾਂਗਰਸ 'ਤੇ ਦੋਸ਼ਾਂ ਦੀ ਝੜੀ ਲਾ ਦਿੱਤੀ। ਸੁਖਬੀਰ ਬਾਦਲ ਨੇ ਇਮੋਸ਼ਨਲ ਕਾਰਡ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਕਾਂਗਰਸ ਕੌਮ ਦੀ ਦੁਸ਼ਮਣ ਹੈ। ਕਾਂਗਰਸ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ। ਤੋਪਾਂ-ਟੈਕਾਂ ਨਾਲ ਗੁਰਦੁਆਰਿਆਂ 'ਤੇ ਹਮਲੇ ਕਰਵਾਏ, ਜਿਸ ਨੂੰ ਕੌਮ ਕਦੇ ਭੁੱਲ ਨਹੀਂ ਸਕਦੀ।


author

Tanu

Content Editor

Related News