''ਵਿਕਰਮ-ਐੱਸ'' ਦਾ ਸਫ਼ਲ ਪ੍ਰੀਖਣ ਭਾਰਤ ਲਈ ਇਤਿਹਾਸਕ ਪਲ : PM ਮੋਦੀ
Friday, Nov 18, 2022 - 04:29 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਪਹਿਲੇ ਨਿੱਜੀ ਰਾਕੇਟ 'ਵਿਕਰਮ-ਐੱਸ' ਦੇ ਸਫ਼ਲ ਪ੍ਰੀਖਣ ਨੂੰ ਦੇਸ਼ ਲਈ ਇਤਿਹਾਸਕ ਪਲ ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੇ ਨਿੱਜੀ ਪੁਲਾੜ ਉਦਯੋਗ ਦੀ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਨਿੱਜੀ ਖੇਤਰ ਦੀ ਕੰਪਨੀ 'ਸਕਾਈਰੂਟ ਐਰੋਸਪੇਸ' ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ,“ਸਕਾਈਰੂਟ ਏਅਰੋਸਪੇਸ ਦੁਆਰਾ ਵਿਕਸਿਤ ਵਿਕਰਮ-ਐੱਸ ਰਾਕੇਟ ਨੇ ਅੱਜ ਸ਼੍ਰੀਹਰਿਕੋਟਾ ਤੋਂ ਉਡਾਣ ਭਰੀ, ਜੋ ਭਾਰਤ ਲਈ ਇਕ ਇਤਿਹਾਸਕ ਪਲ ਹੈ। ਇਹ ਭਾਰਤ ਦੇ ਨਿੱਜੀ ਪੁਲਾੜ ਉਦਯੋਗ ਦੀ ਯਾਤਰਾ 'ਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਇਸ ਉਪਲਬਧੀ ਲਈ ਇਸਰੋ ਅਤੇ ਸਕਾਈਰੂਟ ਏਰੋਸਪੇਸ ਨੂੰ ਵਧਾਈ।''
ਭਾਰਤ ਨੇ ਸ਼ੁੱਕਰਵਾਰ ਨੂੰ ਇਕ ਚਾਰ ਸਾਲ ਪੁਰਾਣੇ ਸਟਾਰਟਅੱਪ ਦੁਆਰਾ ਵਿਕਸਿਤ ਰਾਕੇਟ ਦੀ ਵਰਤੋਂ ਕਰਦੇ ਹੋਏ ਤਿੰਨ ਸੈਟੇਲਾਈਟਾਂ ਨੂੰ ਆਰਬਿਟ 'ਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਅਤੇ ਇਸ ਦੇ ਨਾਲ ਦੀ ਦੇਸ਼ ਦੀਆਂ ਪੁਲਾੜ ਗਤੀਵਿਧੀਆਂ 'ਚ ਨਿੱਜੀ ਖੇਤਰ ਦੇ ਪ੍ਰਵੇਸ਼ ਦਾ 'ਪ੍ਰਾਰੰਭ' ਹੋ ਗਿਆ। ਅਜੇ ਤੱਕ ਸਰਕਾਰੀ ਸੰਸਥਾ ਇਸਰੋ ਦਾ ਹੀ ਇਸ ਖੇਤਰ 'ਤੇ ਦਬਦਬਾ ਸੀ। ਮੋਦੀ ਨੇ ਇਕ ਹੋਰ ਟਵੀਟ 'ਚ ਕਿਹਾ,''ਇਹ ਉਪਲਬਧੀ ਸਾਡੇ ਨੌਜਵਾਨਾਂ ਦੀ ਅਥਾਹ ਪ੍ਰਤਿਭਾ ਦਾ ਨਤੀਜਾ ਹੈ, ਜਿਨ੍ਹਾਂ ਨੇ ਜੂਨ 2020 ਦੇ ਇਤਿਹਾਸਕ ਪੁਲਾੜ ਖੇਤਰ ਸੁਧਾਰਾਂ ਦਾ ਪੂਰਾ ਲਾਭ ਉਠਾਇਆ।'' ਸਕਾਈਰੂਟ ਏਅਰੋਸਪੇਸ ਵਲੋਂ ਜਨਕ ਵਿਕਰਮ ਸਾਰਾਭਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਸ ਰਾਕੇਟ ਦਾ ਨਾਮ 'ਵਿਕਰਮ ਐੱਸ' ਰੱਖਿਆ ਗਿਆ ਹੈ। ਨਵੀਂ ਸ਼ੁਰੂਆਤ ਦੇ ਪ੍ਰਤੀਕ ਵਜੋਂ ਇਸ ਮਿਸ਼ਨ ਨੂੰ 'ਪ੍ਰਾਰੰਭ' ਨਾਮ ਦਿੱਤਾ ਗਿਆ ਹੈ। ਸਕਾਈਰੂਟ ਏਅਰੋਸਪੇਸ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਕੰਪਨੀ ਬਣ ਗਈ ਹੈ, ਜਿਸ ਨੇ 2020 'ਚ ਕੇਂਦਰ ਸਰਕਾਰ ਵਲੋਂ ਪੁਲਾੜ ਉਦਯੋਗ ਨੂੰ ਨਿੱਜੀ ਖੇਤਰ ਲਈ ਖੋਲ੍ਹੇ ਜਾਣ ਤੋਂ ਬਾਅਦ ਭਾਰਤੀ ਪੁਲਾੜ ਪ੍ਰੋਗਰਾਮ 'ਚ ਕਦਮ ਰੱਖਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ