ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਇਕ ਸਾਲ ਦੀ ਹੋਵੇਗੀ B.Ed
Sunday, Feb 23, 2025 - 02:18 PM (IST)

ਨਵੀਂ ਦਿੱਲੀ- ਇਕ ਸਾਲ ਦੀ ਬੀ. ਐਡ ਪਾਠਕ੍ਰਮ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਤੋਂ ਮਨਜ਼ੂਰੀ ਮਿਲ ਗਈ ਹੈ। ਹੁਣ ਇਸ ਸਬੰਧ 'ਚ ਤਾਜ਼ਾ ਅਪਡੇਟ ਆਇਆ ਹੈ ਕਿ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੇ NCTE ਰੈਗੂਲੇਸ਼ਨ 2025 ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਜਾਜ਼ਤ ਮਿਲਣ ਤੋਂ ਬਾਅਦ ਬੀ.ਐਡ ਕੋਰਸ ਦਾ ਫਾਰਮੈਟ ਪੂਰੀ ਤਰ੍ਹਾਂ ਬਦਲ ਜਾਵੇਗਾ।
ਇਸ ਡਿਗਰੀ ਬਾਰੇ ਨਵੇਂ ਨਿਯਮ ਕੀ ਹਨ ਵਿਸਥਾਰ ਨਾਲ ਸਮਝੋ-
ਨਵੇਂ ਨਿਯਮਾਂ ਮੁਤਾਬਕ ਇਕ ਸਾਲ ਦੇ ਬੈਚਲਰ ਆਫ਼ ਐਜੂਕੇਸ਼ਨ ਪ੍ਰੋਗਰਾਮ 'ਚ ਦਾਖਲਾ ਲੈਣ ਲਈ ਉਮੀਦਵਾਰ ਦਾ ਪੋਸਟ ਗ੍ਰੈਜੂਏਟ (PG) ਹੋਣਾ ਲਾਜ਼ਮੀ ਹੈ। ਪੋਸਟ ਗ੍ਰੈਜੂਏਟ ਡਿਗਰੀ ਧਾਰਕਾਂ ਤੋਂ ਇਲਾਵਾ ਚਾਰ ਸਾਲ ਦੀ ਗ੍ਰੈਜੂਏਸ਼ਨ ਡਿਗਰੀ ਪੂਰੀ ਕਰ ਚੁੱਕੇ ਉਮੀਦਵਾਰ ਇਸ ਕੋਰਸ ਵਿਚ ਦਾਖ਼ਲੇ ਲਈ ਅਪਲਾਈ ਕਰ ਸਕਣਗੇ। ਗ੍ਰੈਜੂਏਸ਼ਨ ਤੋਂ ਬਾਅਦ ਵੀ ਇਸ ਪ੍ਰੋਗਰਾਮ ਵਿਚ ਦਾਖਲਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚਾਰ ਸਾਲਾ ਏਕੀਕ੍ਰਿਤ ਬੀ.ਐੱਡ ਅਤੇ ਦੋ ਸਾਲਾ ਬੀ.ਐੱਡ ਡਿਗਰੀ ਧਾਰਕ ਵੀ ਇਕ ਸਾਲ ਦੀ ਐਮ.ਐੱਡ ਡਿਗਰੀ ਵਿਚ ਦਾਖ਼ਲੇ ਲਈ ਅਪਲਾਈ ਕਰ ਸਕਦੇ ਹਨ।
ਇਕ ਸਾਲ ਦਾ ਬੀ.ਐਡ ਪ੍ਰੋਗਰਾਮ 2014 'ਚ ਬੰਦ ਕਰ ਦਿੱਤਾ ਗਿਆ ਸੀ। NCTE ਨੇ ਹੁਣ 11 ਸਾਲਾਂ ਬਾਅਦ ਇਸ ਕੋਰਸ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਉਮੀਦਵਾਰ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਅਗਲੇ ਅਕਾਦਮਿਕ ਸੈਸ਼ਨ 2026-27 ਤੋਂ ਇਕ ਸਾਲ ਦੇ ਬੀ.ਐੱਡ ਅਤੇ ਐੱਮ.ਐੱਡ ਕੋਰਸਾਂ ਵਿਚ ਦਾਖਲਾ ਸ਼ੁਰੂ ਹੋਣਾ ਤੈਅ ਹੈ। ਇਸ ਸਬੰਧੀ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਸ ਕੋਰਸ ਨੂੰ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾ ਸਕੇ।ਦੱਸ ਦੇਈਏ ਕਿ ਇਕ ਸਾਲ ਦੇ ਕੋਰਸ ਸ਼ੁਰੂ ਹੋਣ ਨਾਲ ਉਮੀਦਵਾਰਾਂ ਦਾ ਸਮਾਂ ਜ਼ਰੂਰ ਬਚੇਗਾ। ਇਸ ਤੋਂ ਇਲਾਵਾ ਦੋ ਸਾਲਾਂ ਵਿਚ ਵਸੂਲੀ ਜਾਣ ਵਾਲੀ ਫੀਸ ਸਮੇਤ ਹੋਰ ਖਰਚੇ ਵੀ ਘਟਾਏ ਜਾਣਗੇ।