ਪਿਛਲੇ 5 ਸਾਲਾਂ ''ਚ ਰੈਗਿੰਗ ਦੇ 22 ਮਾਮਲੇ, ਕਾਲਜ ਨੇ ਵਿਖਾਇਆ ''ਬਾਹਰ ਦਾ ਰਾਹ''

Thursday, Apr 03, 2025 - 03:54 PM (IST)

ਪਿਛਲੇ 5 ਸਾਲਾਂ ''ਚ ਰੈਗਿੰਗ ਦੇ 22 ਮਾਮਲੇ, ਕਾਲਜ ਨੇ ਵਿਖਾਇਆ ''ਬਾਹਰ ਦਾ ਰਾਹ''

ਕਾਂਗੜਾ- ਡਾ: ਰਾਜਿੰਦਰ ਪ੍ਰਸਾਦ ਸਰਕਾਰੀ ਮੈਡੀਕਲ ਕਾਲਜ, ਟਾਂਡਾ ਤੋਂ ਪਿਛਲੇ ਪੰਜ ਸਾਲਾਂ 'ਚ ਰੈਗਿੰਗ ਅਤੇ ਅਨੁਸ਼ਾਸਨਹੀਣਤਾ 'ਚ ਸ਼ਾਮਲ ਹੋਣ ਦੇ ਦੋਸ਼ 'ਚ 22 ਵਿਦਿਆਰਥੀਆਂ ਨੂੰ ਕੱਢ ਦਿੱਤਾ ਗਿਆ ਹੈ। ਕਾਲਜ ਦੇ ਪ੍ਰਿੰਸੀਪਲ ਮਿਲਾਪ ਸ਼ਰਮਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੰਸਥਾਨ ਰੈਗਿੰਗ ਨੂੰ ਲੈ ਕੇ ਬਹੁਤ ਸਖ਼ਤ ਹੈ ਅਤੇ ਪਿਛਲੇ ਇਕ ਸਾਲ ਵਿਚ 5 ਵਿਦਿਆਰਥੀਆਂ ਨੂੰ ਰੈਗਿੰਗ ਅਤੇ ਸਬੰਧਤ ਗਤੀਵਿਧੀਆਂ 'ਚ ਸ਼ਾਮਲ ਪਾਏ ਜਾਣ ਤੋਂ ਬਾਅਦ ਕੱਢ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੋਲੀ ਦੇ ਦਿਨ ਇਕ ਹੋਰ ਵਿਦਿਆਰਥੀ ਨੂੰ ਚਾਕੂ ਮਾਰਨ ਵਾਲੇ ਵਿਦਿਆਰਥੀ ਨੂੰ ਕੱਢ ਦਿੱਤਾ ਗਿਆ ਅਤੇ 1.20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਸਾਲ 2009 ਵਿਚ ਕੈਂਪਸ 'ਚ ਰੈਗਿੰਗ ਦੀ ਘਟਨਾ ਤੋਂ ਬਾਅਦ ਕਾਲਜ ਰੈਗਿੰਗ ਨੂੰ ਗੰਭੀਰਤਾ ਨਾਲ ਲੈਂਦਾ ਹੈ। ਉਸ ਘਟਨਾ 'ਚ MBBS ਦੇ 19 ਸਾਲਾ ਵਿਦਿਆਰਥੀ ਅਮਨ ਸੱਤਿਆ ਕਚਰੂ ਦੀ ਮੌਤ ਹੋ ਗਈ ਸੀ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਧਰਮਸ਼ਾਲਾ ਨੇੜੇ ਸਥਿਤ ਕਾਲਜ ਦੇ ਮੁੰਡਿਆਂ ਦੇ ਹੋਸਟਲ ਵਿਚ ਚਾਰ ਸੀਨੀਅਰ ਵਿਦਿਆਰਥੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਕਾਰਨ ਕਚਰੂ ਦੀ ਮੌਤ ਹੋ ਗਈ ਸੀ।

ਕਾਲਜ ਦੀ ਐਂਟੀ ਰੈਗਿੰਗ ਕਮੇਟੀ ਦੇ ਮੈਂਬਰ ਸਕੱਤਰ ਡਾ. ਮੁਨੀਸ਼ ਸਰੋਚ ਨੇ ਦੱਸਿਆ ਕਿ ਰੈਗਿੰਗ ਅਤੇ ਅਨੁਸ਼ਾਸਨਹੀਣਤਾ 'ਚ ਸ਼ਾਮਲ ਹੋਣ ਕਾਰਨ ਪਿਛਲੇ 5 ਸਾਲਾਂ 'ਚ 22 ਵਿਦਿਆਰਥੀਆਂ ਨੂੰ ਕਾਲਜ 'ਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਰੈਗਿੰਗ ਨੂੰ ਖ਼ਤਮ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਇਸ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦਿੱਤਾ।


author

Tanu

Content Editor

Related News