ਵਿਦਿਆਰਥੀ ਨੇ ਕਲਾਸ ’ਚ ਵਜਾਈ ਸੀਟੀ, ਪ੍ਰਿੰਸੀਪਲ ਨੇ ਕੱਟ ਦਿੱਤੇ 6 ਵਿਦਿਆਰਥੀਆਂ ਦੇ ਵਾਲ

Monday, Aug 01, 2022 - 10:11 AM (IST)

ਕੋਲਕਾਤਾ- ਇੱਥੋਂ ਦੇ ਇਕ ਹਾਈ ਸਕੂਲ ਵਿਚ ਕਲਾਸ ’ਚ ਇਕ ਵਿਦਿਆਰਥੀ ਵੱਲੋਂ ਸੀਟੀ ਵਜਾਉਣ ਤੋਂ ਬਾਅਦ ਪ੍ਰਿੰਸੀਪਲ ਨੇ ਨੌਵੀਂ ਜਮਾਤ ਦੇ ਛੇ ਵਿਦਿਆਰਥੀਆਂ ਦੇ ਵਾਲ ਕੱਟ ਦਿੱਤੇ। ਅਰਿਆਦਾ ਕਲਾਚੰਦ ਹਾਈ ਸਕੂਲ ਫਾਰ ਬੁਆਏਜ਼ ਦੀ ਪ੍ਰਿੰਸੀਪਲ ਇੰਦਰਾਣੀ ਮਜੂਮਦਾਰ ਨੇ ਇਸ ਸੰਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਦਿਆਰਥੀਆਂ ਦੇ ਮਾਪਿਆਂ ਨੇ ਮੁੱਖ ਅਧਿਆਪਕਾ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਸਕੂਲ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਅਸੀਮ ਦੱਤਾ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ। ਭੌਤਿਕ ਵਿਗਿਆਨ ਦੀ ਕਲਾਸ ਦੌਰਾਨ ਇਕ ਵਿਦਿਆਰਥੀ ਨੇ ਸੀਟੀ ਵਜਾਈ ਸੀ। ਕਲਾਸ ਵਿਚ ਸੀਟੀ ਦੀ ਆਵਾਜ਼ ਸੁਣ ਕੇ ਅਧਿਆਪਕ ਨੇ ਜਾਣਨਾ ਚਾਹਿਆ ਕਿ ਇਹ ਕਾਰਾ ਕਿਸ ਨੇ ਕੀਤਾ ਹੈ ਪਰ ਕਿਸੇ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਫਿਰ ਅਧਿਆਪਕ ਛੇ ਵਿਦਿਆਰਥੀਆਂ ਨੂੰ ਲੈ ਕੇ ਪ੍ਰਿੰਸੀਪਲ ਕੋਲ ਗਿਆ ਅਤੇ ਘਟਨਾ ਬਾਰੇ ਦੱਸਿਆ। ਪ੍ਰਿੰਸੀਪਲ ਨੇ ਵੀ ਵਿਦਿਆਰਥੀਆਂ ਨੂੰ ਪੁੱਛਿਆ ਕਿ ਸੀਟੀ ਕਿਸ ਨੇ ਵਜਾਈ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ, ਜਿਸ ’ਤੇ ਗੁੱਸੇ ’ਚ ਆਏ ਪ੍ਰਿੰਸੀਪਲ ਨੇ ਕੈਂਚੀ ਕੱਢ ਕੇ ਸਾਰੇ ਛੇ ਵਿਦਿਆਰਥੀਆਂ ਦੇ ਵਾਲ ਕੱਟ ਦਿੱਤੇ।


Tanu

Content Editor

Related News