ਸਕੂਲ ''ਚ ਬੇਰਹਿਮੀ; ਲਿਖਾਈ ਖਰਾਬ ਹੋਣ ''ਤੇ ਵਿਦਿਆਰਥੀ ਨੂੰ ਮਾਰਿਆ ਥੱਪੜ, ਫਟਿਆ ਕੰਨ ਦਾ ਪਰਦਾ

Thursday, Aug 08, 2024 - 05:01 PM (IST)

ਸਕੂਲ ''ਚ ਬੇਰਹਿਮੀ; ਲਿਖਾਈ ਖਰਾਬ ਹੋਣ ''ਤੇ ਵਿਦਿਆਰਥੀ ਨੂੰ ਮਾਰਿਆ ਥੱਪੜ, ਫਟਿਆ ਕੰਨ ਦਾ ਪਰਦਾ

ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ ਦੇ ਖਜ਼ੂਰੀ ਇਲਾਕੇ ’ਚ ਲਿਖਾਈ ਖਰਾਬ ਹੋਣ ’ਤੇ ਸਕੂਲ ਦੇ ਮੈਨੇਜਰ ਨੇ 7ਵੀਂ ਜਮਾਤ 'ਚ ਪੜ੍ਹਦੇ 12 ਸਾਲਾ ਵਿਦਿਆਰਥੀ ਨੂੰ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੇ ਕੰਨ ਦਾ ਪਰਦਾ ਹੀ ਫਟ ਗਿਆ। ਇਸ ਤੋਂ ਵੀ ਮੈਨੇਜਰ ਦਾ ਦਿਲ ਨਹੀਂ ਭਰਿਆ ਤਾਂ ਉਸ ਨੇ ਵਿਦਿਆਰਥੀ ਦੀ ਡੰਡੇ ਨਾਲ ਕੁੱਟਮਾਰ ਕੀਤੀ। ਘਟਨਾ ਮਗਰੋਂ ਬੁਰੀ ਤਰ੍ਹਾਂ ਸਹਿਮਿਆ ਵਿਦਿਆਰਥੀ ਆਪਣੇ ਘਰ ਪਹੁੰਚਿਆ। 

ਵਿਦਿਆਰਥੀ ਦੇ ਬਿਆਨ 'ਤੇ ਮਾਮਲਾ ਦਰਜ

ਕੰਨ ਵਿਚ ਤੇਜ਼ ਦਰਦ ਹੋਣ 'ਤੇ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਪਤਾ ਲੱਗਾ ਕਿ ਉਸ ਦੇ ਕੰਨ 'ਦਾ ਪਰਦਾ ਫਟ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਵਿਦਿਆਰਥੀ ਦਾ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਮੈਨੇਜਰ ਸਕੂਲ ਦੇ ਮਾਲਕ ਦਾ ਪੁੱਤਰ ਹੈ। ਉਸ ਦੀ ਮਾਂ ਸਕੂਲ ਦੀ ਪ੍ਰਿੰਸੀਪਲ ਹੈ। ਵਿਦਿਆਰਥੀ ਦੇ ਪਰਿਵਾਰ ਵੱਲੋਂ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਮਾਮਲੇ ’ਚ ਸਮਝੌਤਾ ਕਰਨ ਅਤੇ ਵਿਦਿਆਰਥੀ ਦੇ ਇਲਾਜ ਦਾ ਪੂਰਾ ਖਰਚਾ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਸਜ਼ਾ ਜ਼ਰੂਰ ਮਿਲੇ। 

ਪ੍ਰਿੰਸੀਪਲ ਦੇ ਦਫ਼ਤਰ 'ਚ ਮਾਰੇ ਥੱਪੜ

ਪੁਲਸ ਮੁਤਾਬਕ ਪੀੜਤ ਵਿਦਿਆਰਥੀ ਪਰਿਵਾਰ ਨਾਲ ਚੰਦੂ ਨਗਰ ਵਿਚ ਰਹਿੰਦਾ ਹੈ। ਮਾਪੇ ਪ੍ਰਾਈਵੇਟ ਨੌਕਰੀ ਕਰਦੇ ਹਨ। ਵਿਦਿਆਰਥੀ ਖਜੂਰੀ ਖਾਸ ਦੇ ਈ-ਬਲਾਕ ਦੇ ਇਕ ਪ੍ਰਾਈਵੇਟ ਸਕੂਲ 'ਚ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ। ਸਕੂਲ ਦਾ ਮਾਲਕ ਦਿੱਲੀ ਪੁਲਸ ਦਾ ਸਾਬਕਾ ਸਬ-ਇੰਸਪੈਕਟਰ ਹੈ। ਉਸ ਦੀ ਪਤਨੀ ਇੱਥੇ ਪ੍ਰਿੰਸੀਪਲ ਹੈ ਅਤੇ ਉਸ ਦਾ ਪੁੱਤਰ ਮੈਨੇਜਰ ਹੈ। ਬੀਤੀ 19 ਜੁਲਾਈ ਨੂੰ ਸਕੂਲ ਵਿਚ ਇਕ ਮੈਡਮ ਨੇ ਵਿਦਿਆਰਥੀ ਨੂੰ ਪ੍ਰਿੰਸੀਪਲ ਦੇ ਕਮਰੇ ਵਿਚ ਛੱਡ ਦਿੱਤਾ ਅਤੇ ਕਿਹਾ ਕਿ ਉਸ ਦੀ ਲਿਖਾਈ ਬਹੁਤ ਖਰਾਬ ਹੈ। ਉੱਥੇ ਪ੍ਰਿੰਸੀਪਲ ਦੀ ਥਾਂ ਉਸ ਦਾ ਪੁੱਤਰ ਨਿਤਿਨ ਚੌਧਰੀ ਮੌਜੂਦ ਸੀ। ਦੋਸ਼ ਹੈ ਕਿ ਉਸ ਨੇ ਵਿਦਿਆਰਥੀ ਨੂੰ ਜ਼ੋਰ-ਜ਼ੋਰ ਨਾਲ ਕਈ ਥੱਪੜ ਮਾਰੇ। ਇਸ ਤੋਂ ਇਲਾਵਾ ਉਸ ਦੀ ਕਮਰ 'ਤੇ ਕਈ ਡੰਡੇ ਮਾਰ। ਥੱਪੜ ਲੱਗਣ ਕਾਰਨ ਵਿਦਿਆਰਥੀ ਦੇ ਕੰਨ ਵਿਚ ਦਰਦ ਹੋਣ ਲੱਗਾ।

ਵਿਦਿਆਰਥੀ ਨੂੰ ਡੰਡਿਆਂ ਨਾਲ ਵੀ ਕੁੱਟਿਆ

ਘਰ ਪਹੁੰਚਣ 'ਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਪਤਾ ਲੱਗਾ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ ਸੀ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਅਗਲੇ ਦਿਨ 20 ਜੁਲਾਈ ਨੂੰ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹੁਣ ਸਕੂਲ ਪ੍ਰਸ਼ਾਸਨ ਸਮਝੌਤਾ ਕਰਵਾਉਣ ਲਈ ਦਬਾਅ ਪਾ ਰਿਹਾ ਹੈ। ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦਾ ਪੁੱਤ ਇੰਨਾ ਡਰ ਗਿਆ ਕਿ ਉਸ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਨੇ ਉਸ ਨੂੰ ਕਿਸੇ ਹੋਰ ਸਕੂਲ ਵਿਚ ਦਾਖਲ ਕਰਵਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


author

Tanu

Content Editor

Related News