ਸ਼ਰਮਨਾਕ : ਵਿਦਿਆਰਥਣ ਨਾਲ 10 ਲੋਕਾਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ
Tuesday, Jun 17, 2025 - 04:39 PM (IST)

ਭੁਵਨੇਸ਼ਵਰ/ਬਰਹਮਪੁਰ- ਓਡੀਸ਼ਾ ਦੇ ਮਸ਼ਹੂਰ ਗੋਪਾਲਪੁਰ ਬੀਚ 'ਤੇ 20 ਸਾਲਾ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਦੇ ਮਾਮਲੇ 'ਚ ਮੰਗਲਵਾਰ ਨੂੰ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਅਨੁਸਾਰ, ਇਹ ਘਟਨਾ ਐਤਵਾਰ ਰਾਤ ਦੀ ਹੈ, ਜਦੋਂ ਨਿੱਜੀ ਕਾਲਜ 'ਚ ਗ੍ਰੈਜੂਏਸ਼ਨ ਕਰ ਰਹੀ ਵਿਦਿਆਰਥਣ ਆਪਣੇ ਸਹਿਪਾਠੀ ਅਤੇ ਪ੍ਰੇਮੀ ਨਾਲ 'ਰਾਜਾ ਪਰਵ' ਦੇ ਮੌਕੇ 'ਤੇ ਬੀਚ 'ਤੇ ਗਈ ਸੀ। ਗੋਪਾਲਪੁਰ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਔਰਤ ਨੇ ਦੋਸ਼ ਲਗਾਇਆ ਕਿ ਜਦੋਂ ਦੋਵੇਂ ਬੀਚ 'ਤੇ ਇਕ ਸੁੰਨਸਾਨ ਜਗ੍ਹਾ 'ਤੇ ਬੈਠੇ ਸਨ, ਉਦੋਂ 10 ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਘੇਰ ਲਿਆ, ਅਤੇ ਫਿਰ ਵਾਰੋ-ਵਾਰੀ ਉਸ ਨਾਲ ਜਬਰ ਜ਼ਿਨਾਹ ਕੀਤਾ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਸ਼ੁਰੂਆਤ 'ਚ 7 ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਸੀ। ਬਾਅਦ 'ਚ ਸਾਰੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਉਨ੍ਹਾਂ ਦੱਸਿਆ ਕਿ ਮੁਲਜ਼ਮ ਦੂਜੇ ਸੂਬੇ 'ਚ ਦੌੜਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਫੜ ਲਿਆ ਗਿਆ। ਪੁਲਸ ਨੇ ਦੱਸਿਆ ਕਿ ਪੀੜਤਾ ਦੀ ਮੈਡੀਕਲ ਜਾਂਚ ਕਰਵਾ ਲਈ ਗਈ ਹੈ। ਪੁਲਸ ਅਨੁਸਾਰ, ਪੀੜਤਾ ਤਿੰਨ ਹੋਰ ਔਰਤਾਂ ਨਾਲ ਇਕ ਨਿੱਜੀ ਮੈਸ 'ਚ ਰਹਿੰਦੀ ਹੈ। ਇਸ ਵਿਚ ਉੱਪ ਮੁੱਖ ਮੰਤਰੀ ਪ੍ਰਵਤੀ ਪਰਿਦਾ ਨੇ ਦੱਸਿਆ ਕਿ ਉਨ੍ਹਾਂ ਨੇ ਗੰਜਾਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸ਼ਰਵਨ ਵਿਵੇਕ ਐੱਮ ਨਾਲ ਗੱਲ ਕੀਤੀ ਹੈ ਅਤੇ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨਾ ਹੋਣ, ਇਸ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਘਟਨਾ ਤੋਂ ਪੂਰੇ ਸੂਬੇ 'ਚ ਰੋਸ ਫੈਲ ਗਿਆ ਹੈ, ਕਿਉਂਕਿ ਗੰਜਾਮ ਜ਼ਿਲ੍ਹੇ ਦਾ ਇਹ ਸਮੁੰਦਰ ਤੱਟ ਦੂਰ ਤੋਂ ਆਉਣ ਵਾਲੇ ਸੈਲਾਨੀਆਂ ਲਈ ਇਕ ਲੋਕਪ੍ਰਿਯ ਸਥਾਨ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8