ਖੋਦਾਈ ਕਰਨ ਵਾਲੀ ਮਸ਼ੀਨ ਦੀ ਲਪੇਟ ''ਚ ਆਉਣ ਕਾਰਨ ਵਿਦਿਆਰਥੀ ਦੀ ਮੌਤ
Wednesday, Oct 02, 2024 - 02:30 PM (IST)

ਕੋਲਕਾਤਾ- ਦੱਖਣੀ ਕੋਲਕਾਤਾ ਦੇ ਬਾਂਸਦੋਰਾਣੀ ਇਲਾਕੇ ਵਿਚ ਬੁੱਧਵਾਰ ਸਵੇਰੇ ਖੋਦਾਈ ਕਰਨ ਵਾਲੀ ਇਕ ਮਸ਼ੀਨ ਦੀ ਲਪੇਟ 'ਚ ਆਉਣ ਕਾਰਨ 9ਵੀਂ ਜਮਾਤ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਿਦਿਆਰਥੀ ਟਿਊਸ਼ਨ ਲਈ ਜਾ ਰਿਹਾ ਸੀ ਤਾਂ ਇਸ ਦੌਰਾਨ ਦਿਨੇਸ਼ ਨਗਰ ਆਟੋ ਸਟੈਂਡ ਨੇੜੇ ਹਾਦਸਾ ਵਾਪਰਿਆ। ਸਥਾਨਕ ਲੋਕ ਉਸ ਨੂੰ ਟਾਲੀਗੰਜ ਦੇ ਬਾਂਗੁਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਹਾਦਸੇ ਮਗਰੋਂ ਸਥਾਨਕ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਲੰਬੇ ਸਮੇਂ ਤੋਂ ਮੁਰੰਮਤ ਦੀ ਘਾਟ ਵਿਚ ਖ਼ਸਤਾਹਾਲ ਸੜਕ ਕਾਰਨ ਹਾਦਸਾ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਘਟਨਾ ਮਗਰੋਂ ਪੁਲਸ ਦੇ ਦੇਰੀ ਨਾਲ ਮੌਕੇ 'ਤੇ ਪਹੁੰਚਣ ਦਾ ਵੀ ਦੋਸ਼ ਲਾਇਆ। ਕੁਝ ਲੋਕਾਂ ਨੇ ਉਸ ਮਸ਼ੀਨ ਵਿਚ ਵੀ ਭੰਨ-ਤੋੜ ਕੀਤੀ, ਜਿਸ ਕਾਰਨ ਹਾਦਸਾ ਵਾਪਰਿਆ ਸੀ।
ਓਧਰ ਕੋਲਕਾਤਾ ਨਗਰ ਨਿਗਮ ਦੇ ਵਾਰਡ-113 ਦੀ ਕੌਂਸਲਰ ਅਨੀਤਾ ਕਰ ਮਜੂਮਦਾਰ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੀ ਨਿਕਾਸੀ ਦੇ ਕੰਮ ਮਗਰੋਂ ਖੇਤਰ ਵਿਚ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੰਡੇ ਨੂੰ ਖੋਦਾਈ ਮਸ਼ੀਨ ਦੇ ਪਿਛਲੇ ਹਿੱਸੇ ਤੋਂ ਸੱਟ ਲੱਗੀ ਸੀ।