ਪਰਾਲੀ ਸਾੜਨ ਦੀਆਂ ਘਟਨਾਵਾਂ ''ਚ ਵਾਧੇ ਨਾਲ ਦਿੱਲੀ ਦੀ ਹਵਾ ਗੁਣਵੱਤਾ ਹੋਰ ਖ਼ਰਾਬ ਹੋਣ ਦਾ ਖ਼ਦਸ਼ਾ

Tuesday, Oct 06, 2020 - 04:40 PM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਸਵੇਰੇ ਹਵਾ ਗੁਣਵੱਤਾ 'ਮੱਧਮ' ਸ਼੍ਰੇਣੀ 'ਚ ਦਰਜ ਕੀਤੀ ਗਈ ਪਰ ਪੰਜਾਬ, ਹਰਿਆਣਾ ਅਤੇ ਹੋਰ ਨੇੜਲੇ ਸੂਬਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਵਾਧੇ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ 'ਚ ਇਸ 'ਚ (ਹਵਾ ਗੁਣਵੱਤਾ) ਹੋਰ ਗਿਰਾਵਟ ਦਾ ਖ਼ਦਸ਼ਾ ਜਤਾਇਆ ਗਿਆ ਹੈ। ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਹਵਾ ਗੁਣਵੱਤਾ ਅਤੇ ਮੌਸਮ ਭਵਿੱਖਬਾਣੀ ਅਤੇ ਖੋਜ ਪ੍ਰਣਾਲੀ (ਸਫਰ) ਨੇ ਕਿਹਾ ਕਿ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਬੁੱਧਵਾਰ ਅਤੇ ਵੀਰਵਾਰ ਨੂੰ ਵੀ 'ਮੱਧਮ' ਸ਼੍ਰੇਣੀ 'ਚ ਬਣਿਆ ਰਹੇਗਾ ਅਤੇ ਉਸ ਤੋਂ ਬਾਅਦ ਇਸ 'ਚ ਗਿਰਾਵਟ ਸ਼ੁਰੂ ਹੋਵੇਗੀ। ਸ਼ਹਿਰ 'ਚ ਮੰਗਲਵਾਰ ਸਵੇਰੇ 10.30 ਵਜੇ ਏ.ਕਿਊ.ਆਈ. 177 ਦਰਜ ਕੀਤਾ ਗਿਆ, ਜੋ 'ਮੱਧਮ' ਸ਼੍ਰੇਣੀ 'ਚ ਆਉਂਦਾ ਹੈ। ਸੋਮਵਾਰ ਨੂੰ 24 ਘੰਟੇ ਦਾ ਔਸਤ ਏ.ਕਿਊ.ਆਈ. 179 ਦਰਜ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ 0 ਤੋਂ 50 ਦਰਮਿਆਨ ਏ.ਕਿਊ.ਆਈ. ਨੂੰ 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕ', 101 ਤੋਂ 200 ਦਰਮਿਆਨ 'ਮੱਧਮ', 201 ਤੋਂ 300 ਦਰਮਿਆਨ 'ਖਰਾਬ', 301 ਤੋਂ 400 ਦਰਮਿਆਨ 'ਬਹੁਮ ਖਰਾਬ' ਅਤੇ 401 ਤੋਂ 500 ਦਰਮਿਆਨ 'ਗੰਭੀਰ' ਮੰਨਿਆ ਜਾਂਦਾ ਹੈ। ਸਫਰ ਨੇ ਕਿਹਾ,''ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨੇੜਲੇ ਖੇਤਰਾਂ 'ਚ ਪਰਾਲੀ ਸਾੜਨ ਦੀ ਘਟਨਾ 'ਚ ਵਾਧਾ ਦੇਖਿਆ ਗਿਆ ਹੈ। ਹਵਾ ਦੀ ਦਿਸ਼ਾ ਪ੍ਰਦੂਸ਼ਕਾਂ ਦੇ ਪ੍ਰਸਾਰ ਲਈ ਅਨੁਕੂਲ ਹਨ ਅਤੇ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਨਗੇ।'' ਇਸ ਤੋਂ ਇਲਾਵਾ ਦਿੱਲੀ 'ਚ ਘੱਟੋ-ਘੱਟ ਤਾਪਮਾਨ 'ਚ ਵੀ ਗਿਰਾਵਟ ਦੇਖੀ ਗਈ ਹੈ। ਮੰਗਲਵਾਰ ਨੂੰ ਇਹ ਆਮ ਤੋਂ 3 ਡਿਗਰੀ ਘੱਟ, 18.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘੱਟ ਤਾਪਮਾਨ ਅਤੇ ਹਵਾ ਸਥਿਰ ਹੋਣ ਨਾਲ ਪ੍ਰਦੂਸ਼ਕ ਤੱਤ ਇਕੱਠੇ ਹੁੰਦੇ ਹਨ, ਜੋ ਹਵਾ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।


DIsha

Content Editor

Related News