ਆਫ ਦਿ ਰਿਕਾਰਡ : ਸੋਨੀਆ ਗਾਂਧੀ ਵੱਲੋਂ ਰਾਹੁਲ ਨਾਲ ਮਿਲ ਕੇ ਰਣਨੀਤੀ ਮਜ਼ਬੂਤ ਕਰਨ ਦੀ ਤਿਆਰੀ
Saturday, Aug 18, 2018 - 11:27 AM (IST)

ਨਵੀਂ ਦਿੱਲੀ— ਸੋਨੀਆ ਗਾਂਧੀ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨ ਲਈ ਇਕ ਨਵੀਂ ਰਣਨੀਤੀ ਤਿਆਰ ਕੀਤੀ ਹੈ। ਸੋਨੀਆ ਦੇ ਨਿਵਾਸ 10, ਜਨਪਥ ਦੇ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਸੋਨੀਆ ਨੇ ਹੁਣ ਫੈਸਲਾ ਕੀਤਾ ਹੈ ਕਿ ਪਾਰਟੀ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਉਹ ਕਿਸੇ ਵੀ ਪਾਰਟੀ ਆਗੂ ਨਾਲ ਮੁਲਾਕਾਤ ਨਹੀਂ ਕਰੇਗੀ। ਸਭ ਸੂਬਿਆਂ ਦੇ ਕੇਂਦਰੀ ਕਾਂਗਰਸੀ ਆਗੂਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਜਾਂ ਤਾਂ ਰਾਹੁਲ ਦੇ ਦਫਤਰ ਨਾਲ ਸੰਪਰਕ ਕਰਨ ਜਾਂ ਸਿੱਧਾ ਰਾਹੁਲ ਨਾਲ। ਉਹ ਖੁਦ ਕਿਸੇ ਵੀ ਪਾਰਟੀ ਆਗੂ ਨਾਲ ਪਾਰਟੀ ਮੁੱਦਿਆਂ ਬਾਰੇ ਕੋਈ ਗੱਲਬਾਤ ਨਹੀਂ ਕਰੇਗੀ। ਰਾਹੁਲ ਦੇ ਨਾਲ-ਨਾਲ ਪਾਰਟੀ ਵਰਕਰ ਮੇਰੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਨਾਲ ਵੀ ਸੰਪਰਕ ਕਰ ਸਕਦੇ ਹਨ।
ਇਹੀ ਕਾਰਨ ਹੈ ਕਿ ਸੋਨੀਆ ਨੇ ਪਿਛਲੇ ਦਿਨੀਂ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਹਿੱਸਾ ਨਹੀਂ ਲਿਆ ਤਾਂ ਜੋ ਰਾਹੁਲ ਗਾਂਧੀ ਦੀ ਅਥਾਰਿਟੀ ਕਮਜ਼ੋਰ ਨਾ ਹੋ ਸਕੇ। ਇਥੋਂ ਤੱਕ ਕਿ ਸੋਨੀਆ ਜਦੋਂ ਸੰਸਦ ਭਵਨ ਵਿਖੇ ਆਉਂਦੀ ਹੈ ਤਾਂ ਉਹ ਸੰਸਦ ਮੈਂਬਰਾਂ ਨਾਲ ਗੱਲਬਾਤ ਨਹੀਂ ਕਰਦੀ। ਉਹ ਇਸ ਸਬੰਧੀ ਉਨ੍ਹਾਂ ਦੀ ਹੌਸਲਾ ਸ਼ਿਕਨੀ ਕਰਦੀ ਹੈ।
ਉਹ ਉਨ੍ਹਾਂ ਨੂੰ ਇਹੀ ਹਦਾਇਤਾਂ ਦਿੰਦੀ ਹੈ ਕਿ ਤੁਸੀਂ ਸਿੱਧਾ ਰਾਹੁਲ ਨਾਲ ਸੰਪਰਕ ਕਰੋ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਸ਼ਾਇਦ ਸੋਨੀਆ 2019 ਦੀ ਲੋਕ ਸਭਾ ਚੋਣ ਰਾਏਬਰੇਲੀ ਤੋਂ ਨਾ ਲੜੇ। ਉਹ ਰਾਜ ਸਭਾ ਦੀ ਮੈਂਬਰ ਬਣ ਸਕਦੀ ਹੈ ਅਤੇ ਪ੍ਰਿਯੰਕਾ ਨੂੰ ਅਮੇਠੀ ਤੋਂ ਚੋਣ ਲੜਨ ਲਈ ਕਹਿ ਸਕਦੀ ਹੈ ਤਾਂ ਜੋ ਰਾਹੁਲ ਦੇ ਹੱਥ ਮਜ਼ਬੂਤ ਹੋਣ। ਭਾਵੇਂ ਕੁਝ ਵੀ ਹੋਵੇ ਸੋਨੀਆ ਵਿਰੋਧੀ ਧਿਰ ਦੀ ਏਕਤਾ ਲਈ ਆਪਣੀ ਪ੍ਰਮੁੱਖ ਭੂਮਿਕਾ ਨਿਭਾਉਂਦੀ ਰਹੇਗੀ। ਉਹ ਯੂ. ਪੀ. ਏ. ਦੀ ਚੇਅਰਪਰਸਨ ਵੀ ਬਣੀ ਰਹੇਗੀ ਹਾਲਾਂਕਿ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਕੋਈ ਸੌਖਾ ਕੰਮ ਨਹੀਂ। ਉਹ ਵਿਰੋਧੀ ਆਗੂਆਂ ਜਿਵੇਂ ਕਿ ਸ਼ਰਦ ਪਵਾਰ, ਮਮਤਾ ਬੈਨਰਜੀ ਅਤੇ ਐੱਚ. ਡੀ. ਦੇਵੇਗੌੜਾ ਨਾਲ ਸੰਪਰਕ ਬਣਾਈ ਰੱਖੇਗੀ।