ਦਿੱਲੀ ਫਤਹਿ ਕਰਨ ਵਾਲੇ ਸਿੱਖ ਜਰਨੈਲ ਬਣੇ ''ਦਿੱਲੀ ਦੀ ਸ਼ਾਨ''
Tuesday, Mar 12, 2019 - 02:04 PM (IST)

ਨਵੀਂ ਦਿੱਲੀ— ਸਿੱਖ ਜਰਨੈਲਾਂ ਦੀ ਦਲੇਰੀ ਸਿੱਖ ਇਤਿਹਾਸ ਦੀ ਸ਼ਾਨਦਾਰ ਗਾਥਾ ਨੂੰ ਬਿਆਨ ਕਰਦੀ ਹੈ। ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਆਦਮਕੱਦ ਬੁੱਤ ਦਿੱਲੀ ਦੀ ਸ਼ਾਨ ਬਣੇ ਹਨ। ਇਨ੍ਹਾਂ ਤਿੰਨਾਂ ਜਰਨੈਲਾਂ ਦੀ ਅਗਵਾਈ ਹੇਠਲੀਆਂ ਸਿੱਖ ਫੌਜਾਂ ਨੇ 1783 'ਚ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕੀਤਾ ਸੀ ਅਤੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਝੁਲਾਇਆ ਸੀ। ਤਿੰਨਾਂ ਬੁੱਤਾਂ 'ਚੋਂ ਹਰ ਇਕ ਦੀ ਉੱਚਾਈ 12 ਫੁੱਟ ਅਤੇ ਭਾਰ 1200 ਤੋਂ 1400 ਕਿਲੋ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 'ਦਿੱਲੀ ਫਤਹਿ ਦਿਵਸ' ਨਾਲ ਸਬੰਧਤ ਵਿਸ਼ੇਸ਼ ਸਮਾਗਮ ਪੱਛਮੀ ਦਿੱਲੀ ਵਿਖੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਨੇੜੇ ਕਰਵਾਇਆ ਗਿਆ। ਇਸ ਮੌਕੇ ਸਮਾਗਮ ਵਾਲੀ ਥਾਂ 'ਤੇ ਹੀ ਸਥਾਪਤ ਕੀਤੇ ਗਏ ਇਨ੍ਹਾਂ ਬੁੱਤਾਂ ਨੂੰ ਸੰਗਤ ਨੂੰ ਸਮਰਪਿਤ ਕੀਤਾ ਗਿਆ। ਸਮਾਗਮ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰੰਘ, ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਨਿਹੰਗ ਜਥੇਬੰਦੀਆਂ ਦੇ ਮੁਖੀਆਂ ਸਮੇਤ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ।
ਦਿੱਲੀ ਕਮੇਟੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੌਜੂਦਾ ਕਮੇਟੀ ਵਲੋਂ ਪਿਛਲੇ 6 ਸਾਲਾਂ ਤੋਂ ਲਾਲ ਕਿਲ੍ਹੇ 'ਤੇ ਦਿੱਲੀ ਫ਼ਤਹਿ ਦਿਵਸ ਅਤੇ ਹੋਰ ਸ਼ਤਾਬਦੀਆਂ ਮਨਾਉਣ ਸਬੰਧੀ ਕੀਤੇ ਗਏ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ਦੇ ਸਰਕਾਰੀ ਪ੍ਰੋਗਰਾਮ 'ਚ ਵੀ ਇਹ ਨਹੀਂ ਦੱਸਿਆ ਜਾਂਦਾ ਕਿ ਮੁਗਲਾਂ ਤੋਂ ਹਿੰਦੁਸਤਾਨੀਆਂ ਨੂੰ ਪਹਿਲੀ ਆਜ਼ਾਦੀ ਕਿਸ ਨੇ ਦਿਵਾਈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿੱਖਾਂ ਨੇ ਇੱਥੇ ਬੁੱਤ ਸਥਾਪਤ ਕਰਕੇ ਸਰਕਾਰਾਂ ਨੂੰ ਇਹ ਦੱਸ ਦਿੱਤਾ ਹੈ ਕਿ ਸਿੱਖ ਹਮੇਸ਼ਾਂ ਚੜ੍ਹਦੀ ਕਲਾ 'ਚ ਰਹਿਣਗੇ। ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਾਡੀ ਕੌਮ ਭਾਵੇਂ ਗਿਣਤੀ 'ਚ ਘੱਟ ਹੈ ਪਰ ਸਾਡਾ ਇਤਿਹਾਸ ਬਹੁਤ ਵੱਡਾ ਅਤੇ ਮਹਾਨ ਹੈ। ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਵਧਾਈ ਦਿੰਦੇ ਹੋਏ ਕਿ ਸਿਰਸਾ ਦੇ ਯਤਨਾਂ ਸਦਕਾ ਹੀ ਸਿੱਖ ਜਰਨੈਲਾਂ ਦੇ ਬੁੱਤ ਸਥਾਪਤ ਕਰਨ ਦੀ ਯੋਜਨਾ ਸਿਰੇ ਚੜ੍ਹੀ ਹੈ। ਇਸ ਤੋਂ ਇਲਾਵਾ ਅਵਤਾਰ ਸਿੰਘ ਹਿੱਤ ਨੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਆਖਿਆ ਕਿ ਜ਼ਿਆਦਾਤਰ ਦਿੱਲੀ ਵਾਲੇ ਸਿੱਖ ਇਤਿਹਾਸ ਤੋਂ ਅਣਜਾਣ ਹਨ। ਤੀਸ ਹਜ਼ਾਰੀ ਅਦਾਲਤ ਦਾ ਨਾਂ ਬਾਬਾ ਬਘੇਲ ਸਿੰਘ ਦੇ 30,000 ਦੀ ਮਜ਼ਬੂਤ ਹਥਿਆਰਬੰਦ ਫੌਜ ਦੇ ਨਾਂਅ 'ਤੇ ਰੱਖਿਆ ਗਿਆ ਹੈ।