ਲਾਕਡਾਊਨ ਨੇ ਤੋੜੀ ਗਰੀਬ ਦੀ ਕਮਰ, ਭੁੱਖ-ਬੀਮਾਰੀ ਨਾਲ 5 ਸਾਲਾ ਮਾਸੂਮ ਦੀ ਮੌਤ
Monday, Aug 24, 2020 - 02:47 AM (IST)

ਨਵੀਂ ਦਿੱਲੀ - ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.) ਨੇ ਆਗਰਾ 'ਚ ਪੰਜ ਸਾਲ ਦੀ ਇੱਕ ਬੱਚੀ ਦੀ ਕਥਿਤ ਤੌਰ 'ਤੇ ਭੁੱਖ ਅਤੇ ਬੀਮਾਰੀ ਨਾਲ ਹੋਈ ਮੌਤ ਮਾਮਲੇ 'ਚ ਮੀਡੀਆ 'ਚ ਛਪੀ ਰਿਪੋਰਟ ਦੇ ਆਧਾਰ 'ਤੇ ਖੁਦ ਨੋਟਿਸ ਲੈਂਦੇ ਹੋਏ ਐਤਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ- ਤਲਬ ਕੀਤਾ।
ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਭੇਜੇ ਨੋਟਿਸ 'ਚ ਚਾਰ ਹਫਤੇ 'ਚ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੇ ਮੁੜ ਵਸੇਬੇ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਦੇ ਮਾਮਲੇ 'ਚ ਰਿਪੋਰਟ ਦੇਣ ਨੂੰ ਕਿਹਾ। ਐੱਨ.ਐੱਚ.ਆਰ.ਸੀ. ਨੇ ਕਿਹਾ ਕਿ ਮੁੱਖ ਸਕੱਤਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਣਗੇ ਤਾਂਕਿ ਭਵਿੱਖ 'ਚ ਅਜਿਹੀ ਕਰੂਰ ਅਤੇ ਲਾਪਰਵਾਹੀ ਦੀ ਘਟਨਾ ਦੁਬਾਰਾ ਨਹੀਂ ਹੋਵੇ।
ਜ਼ਿਕਰਯੋਗ ਹੈ ਕਿ ਮੀਡੀਆ 'ਚ ਖ਼ਬਰ ਆਈ ਸੀ ਕਿ ਪਰਿਵਾਰ ਦੇ ਕਮਾਉਣ ਵਾਲੇ ਮੈਂਬਰ ਦੇ ਤਪੇਦਿਕ ਦੇ ਸ਼ਿਕਾਰ ਹੋਣ ਦੀ ਵਜ੍ਹਾ ਨਾਲ ਬੱਚੀ ਨੂੰ ਭੋਜਨ ਅਤੇ ਇਲਾਜ ਨਹੀਂ ਮਿਲ ਸਕਿਆ ਅਤੇ ਤਿੰਨ ਦਿਨ ਤੱਕ ਬੁਖਾਰ ਨਾਲ ਗ੍ਰਸਤ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।