ਵਿਰੋਧ-ਪ੍ਰਦਰਸ਼ਨ ਦੌਰਾਨ ਡਿੱਗਿਆ ਮੰਚ, 7 ਕਾਂਗਰਸੀ ਨੇਤਾ ਜ਼ਖ਼ਮੀ
Monday, Mar 10, 2025 - 05:07 PM (IST)

ਭੋਪਾਲ- ਮੱਧ ਪ੍ਰਦੇਸ਼ ਦੇ ਭੋਪਾਲ 'ਚ ਸੋਮਵਾਰ ਨੂੰ ਵਿਰੋਧ-ਪ੍ਰਦਰਸ਼ਨ ਦੌਰਾਨ ਇਕ ਮੰਚ ਡਿੱਗਣ ਕਾਰਨ 7 ਕਾਂਗਰਸੀ ਨੇਤਾ ਜ਼ਖਮੀ ਹੋ ਗਏ। ਕਾਂਗਰਸ ਵਿਧਾਇਕ ਜੈਵਰਧਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ, ਜਦੋਂ ਪਾਰਟੀ ਆਗੂ ਮੱਧ ਪ੍ਰਦੇਸ਼ ਵਿਧਾਨ ਸਭਾ ਵੱਲ ਮਾਰਚ ਕਰਨ ਤੋਂ ਪਹਿਲਾਂ ਰੰਗਮਹਿਲ ਚੌਰਾਹੇ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਸਿੰਘ ਨੇ ਕਿਹਾ ਕਿ ਹਾਲਾਂਕਿ ਕਾਂਗਰਸੀ ਵਰਕਰਾਂ ਨੇ ਯੋਜਨਾ ਮੁਤਾਬਕ ਵਿਧਾਨ ਸਭਾ ਵੱਲ ਮਾਰਚ ਕੀਤਾ ਪਰ ਪੁਲਸ ਨੇ ਜਲ ਤੋਪਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ। ਭੋਪਾਲ ਜ਼ੋਨ-1 ਦੇ ਵਧੀਕ ਡਿਪਟੀ ਕਮਿਸ਼ਨਰ ਪੁਲਸ ਰਸ਼ਮੀ ਅਗਰਵਾਲ ਦੂਬੇ ਨੇ ਕਿਹਾ ਕਿ ਅਸੀਂ ਖੇਤਰ ਨੂੰ ਬੈਰੀਕੇਡਿੰਗ ਕਰ ਦਿੱਤਾ ਹੈ ਅਤੇ ਆਪਣਾ ਕੰਮ ਕਰ ਰਹੇ ਹਾਂ।
ਜ਼ਖਮੀਆਂ ਦੀ ਗਿਣਤੀ ਬਾਰੇ ਪੁੱਛੇ ਜਾਣ 'ਤੇ ਏ. ਡੀ. ਸੀ. ਪੀ ਨੇ ਕਿਹਾ ਕਿ ਉਹ ਜਾਂਚ ਕਰੇਗੀ ਅਤੇ ਕਾਲ ਕੱਟ ਦਿੱਤੀ ਗਈ। ਟੀਟੀ ਨਗਰ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ (ਏ. ਸੀ. ਪੀ) ਚੰਦਰ ਸ਼ੇਖਰ ਪਾਂਡੇ ਅਤੇ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਧੀਰ ਅਰਜਾਰੀਆ ਨੂੰ ਕੀਤੀਆਂ ਫ਼ੋਨ ਕਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ।