4 ਐੱਸ. ਬੀ. ਆਈ. ਅਧਿਕਾਰੀ ਕੋਰੋਨਾ ਪਾਜ਼ੇਟਿਵ, ਸ਼੍ਰੀਨਗਰ ਮੁੱਖ ਸ਼ਾਖਾ ਹੋਈ ਬੰਦ

Tuesday, Nov 17, 2020 - 04:28 PM (IST)

4 ਐੱਸ. ਬੀ. ਆਈ. ਅਧਿਕਾਰੀ ਕੋਰੋਨਾ ਪਾਜ਼ੇਟਿਵ, ਸ਼੍ਰੀਨਗਰ ਮੁੱਖ ਸ਼ਾਖਾ ਹੋਈ ਬੰਦ

ਸ਼੍ਰੀਨਗਰ— ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਸਥਿਤ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਚੀਫ਼ ਮੈਨੇਜਰ ਸਮੇਤ 4 ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਮਗਰੋਂ ਬੰਦ ਕਰ ਦਿੱਤਾ ਗਿਆ। ਅਜਿਹਾ ਸਾਵਧਾਨੀ ਦੇ ਤੌਰ 'ਤੇ ਕੀਤਾ ਗਿਆ, ਤਾਂ ਕਿ ਕੋਰੋਨਾ ਵਾਇਰਸ ਨਾ ਫੈਲੇ। ਐੱਸ. ਬੀ. ਆਈ. ਦੀ ਸ਼੍ਰੀਨਗਰ ਮੁੱਖ ਸ਼ਾਖਾ 'ਚ ਵੱਡੀ ਗਿਣਤੀ ਵਿਚ ਆਪਣੇ 'ਲਾਈਫ਼ ਸਰਟੀਫ਼ਿਕੇਟ' ਜਮ੍ਹਾਂ ਕਰਨ ਪੁੱਜੇ ਪੈਨਸ਼ਨਰ ਬੈਂਕ ਬੰਦ ਹੋਣ ਤੋਂ ਬਹੁਤ ਪਰੇਸ਼ਾਨ ਸਨ। ਦੂਜੇ ਪਾਸੇ ਸ਼੍ਰੀਨਗਰ ਸਮੇਤ ਘਾਟੀ ਦੇ ਹੋਰ ਹਿੱਸਿਆਂ ਵਿਚ ਐੱਸ. ਬੀ. ਆਈ. ਸ਼ਾਖਾਵਾਂ ਆਮ ਵਾਂਗ ਕੰਮ ਕਰ ਰਹੀਆਂ ਹਨ। ਬੈਂਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਦੇ ਲਾਗ ਕਾਰਨ ਚੀਫ਼ ਮੈਨੇਜਰ ਅਤੇ ਤਿੰਨ ਹੋਰ ਅਧਿਕਾਰੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਇਕਾਂਤਵਾਸ ਵਿਚ ਹਨ।

ਮੈਡੀਕਲ ਟੀਮ ਨੇ ਅੱਜ ਉਕਤ ਬੈਂਕ ਦਾ ਦੌਰਾ ਕੀਤਾ, ਜਿੱਥੇ ਕਾਮਿਆਂ ਦਾ ਕੋਵਿਡ ਟੈਸਟ ਕੀਤਾ ਗਿਆ ਸੀ। ਹਾਲਾਂਕਿ 25 ਕਾਮਿਆਂ ਦੇ ਟੈਸਟ ਨੈਗੇਟਿਵ ਆਏ ਹਨ। ਗਾਹਕਾਂ ਦੀ ਸੁਰੱਖਿਆ ਲਈ ਸਾਰੇ ਬੈਂਕਿੰਗ ਕੰਮ ਅੱਜ ਮੁਲਵਤੀ ਕਰ ਦਿੱਤੇ ਗਏ। ਬੈਂਕ ਨੂੰ ਬੰਦ ਕਰਨ ਦਾ ਫ਼ੈਸਲਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕੀਤਾ ਗਿਆ। ਇਸ ਦਰਮਿਆਨ ਬੈਂਕ ਦੇ ਮੁੱਖ ਗੇਟ 'ਤੇ ਤਾਇਨਾਤ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿਚ ਗਾਹਕਾਂ ਨੂੰ ਨਿਰਾਸ਼ ਪਰਤਣਾ ਪਿਆ। ਮੁੱਖ ਗੇਟ 'ਤੇ ਨੋਟਿਸ ਚਿਪਕਾਇਆ ਗਿਆ ਕਿ ਬੈਂਕ ਅੱਜ ਬੰਦ ਰਹੇਗਾ।


author

Tanu

Content Editor

Related News