ਤੰਗਧਾਰ 'ਚ ਡਿੱਗੇ ਬਰਫ ਦੇ ਤੋਦੇ, 5 ਦੀਆਂ ਲਾਸ਼ਾ ਬਰਾਮਦ
Sunday, Jan 07, 2018 - 01:19 AM (IST)

ਸ਼੍ਰੀਨਗਰ,(ਏਜੰਸੀਆਂ, ਮਜੀਦ)¸ ਉੱਤਰੀ-ਕਸ਼ਮੀਰ 'ਚ ਸ਼ੁੱਕਰਵਾਰ ਨੂੰ ਬਰਫ ਦੇ ਤੋਦੇ ਡਿਗਣ ਨਾਲ ਤੰਗਧਾਰ ਇਲਾਕੇ ਵਿਚ ਇਕ ਬੱਚੇ ਸਣੇ ਦੋ ਵਿਅਕਤੀਆਂ ਨੂੰ ਸੁਰੱਖਿਅਤ ਕੱਢਣ ਮਗਰੋਂ ਸ਼ਨੀਵਾਰ ਨੂੰ 5 ਹੋਰ ਵਿਅਕਤੀਆਂ ਦੀਆਂ ਲਾਸ਼ਾਂ ਬਰਫ ਵਿਚੋਂ ਲੱਭੀਆਂ ਗਈਆਂ ਹਨ। ਅਜੇ ਲਾਪਤਾ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ। ਬਰਫ ਦੇ ਤੋਦਿਆਂ ਦੀ ਲਪੇਟ ਵਿਚ ਆਏ ਲੋਕ ਟਾਟਾ ਸੂਮੋ ਵਿਚ ਸਵਾਰ ਸਨ। ਇਸ ਹਾਦਸੇ ਦਾ ਪਤਾ ਲਗਦੇ ਹੀ ਫੌਜ ਦੇ ਜਵਾਨ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਰੈਸਕਿਊ ਆਪ੍ਰੇਸ਼ਨ ਵਿਚ ਜੁੱਟ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਬਰਫਬਾਰੀ ਹੋਈ, ਉਦੋਂ ਉਸ ਇਲਾਕੇ ਵਿਚ ਸੀਮਾ ਸੜਕ ਸੰਗਠਨ (ਬੀ. ਆਰ. ਓ.) ਦੇ 3 ਮੁਲਾਜ਼ਮ ਮੌਜੂਦ ਸਨ। ਇਸ ਤੋਂ ਪਹਿਲਾਂ ਕੁਪਵਾੜਾ ਜ਼ਿਲੇ ਦੇ ਤੰਗਧਾਰ ਵਿਚ ਸਾਧਨ ਟਾਪ ਦੇ ਨੇੜੇ ਸ਼ੁੱਕਰਵਾਰ ਨੂੰ ਬਰਫ ਦੇ ਤੋਦਿਆਂ ਹੇਠ ਦੋ ਵਾਹਨ ਦੱਬ ਗਏ ਸਨ। ਉਧਰ ਬੀਤੀ ਰਾਤ ਦੋ ਵਿਅਕਤੀਆਂ ਨੂੰ ਬਚਾਅ ਲਿਆ ਗਿਆ।
ਐੱਸ. ਪੀ. ਕੁਪਵਾੜਾ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਬਰਫਬਾਰੀ 'ਚ ਮਾਰੇ ਗਏ 'ਬੀਕਨ' ਕਰਮਚਾਰੀ ਦੀ ਪਛਾਣ ਮੰਗਲ ਪ੍ਰਸਾਦ ਸਿੰਘ (47) ਪੁੱਤਰ ਸ਼ਿਵਰਾਜ ਸਿੰਘ ਨਿਵਾਸੀ ਅਈਅਰ ਸਰਈਆ, ਵਾਰਾਨਸੀ (ਯੂ. ਪੀ.) ਵਜੋਂ ਹੋਈ ਹੈ। ਕਸ਼ਮੀਰ ਦੇ ਡਵੀਜ਼ਨਲ ਕਮਿਸ਼ਨਰ ਨੇ ਬੁੱਧਵਾਰ ਨੂੰ ਹੀ ਮੌਸਮ ਵਿਭਾਗ ਦੀ ਚਿਤਾਵਨੀ ਮਗਰੋਂ ਇਲਾਕੇ ਵਿਚ ਬਰਫ ਦੇ ਤੋਦੇ ਡਿਗਣ ਦਾ ਅਲਰਟ ਜਾਰੀ ਕੀਤਾ ਹੈ, ਨਾਲ ਹੀ ਕੁਪਵਾੜਾ ਸਣੇ ਸਾਰੇ ਉਪਰਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿÎਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਘਾਟੀ ਵਿਚ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਗੁਲਮਰਗ, ਪਹਿਲਗਾਮ ਸਮੇਤ ਘਾਟੀ ਦੇ ਉਪਰਲੇ ਇਲਾਕਿਆਂ ਵਿਚ ਸਾਰਾ ਦਿਨ ਰੁਕ-ਰੁਕ ਕੇ ਤਾਜ਼ਾ ਬਰਫਬਾਰੀ ਜਾਰੀ ਰਹੀ। ਗੁਲਮਰਗ ਤੇ ਪਹਿਲਗਾਮ ਵਿਚ 6 ਇੰਚ ਅਤੇ ਸੋਨਮਰਗ ਵਿਚ 10 ਇੰਚ ਬਰਫ ਪਈ ਹੈ।