ਅਨੰਤਨਾਗ ਦੇ ਐੱਸ.ਡੀ.ਐੱਮ. ਨਾਲ ਮਾਰਕੁੱਟ ਮਾਮਲੇ ’ਚ ਫੌਜ ਦੇ ਜਵਾਨਾਂ ’ਤੇ ਕੇਸ ਦਰਜ
Wednesday, Apr 17, 2019 - 10:27 PM (IST)
ਸ਼੍ਰੀਨਗਰ (ਮਜੀਦ)– ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ’ਚ ਇਕ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ. ਐੱਮ.) ਨਾਲ ਮਾਰਕੁੱਟ ਕਰਨ ਦੇ ਦੋਸ਼ ’ਚ ਫੌਜ ਦੇ ਕੁਝ ਜਵਾਨਾਂ ਖਿਲਾਫ ਅੱਜ ਐੱਫ.ਆਈ. ਆਰਜ਼ ਦਰਜ ਕੀਤੀਆਂ ਗਈਆਂ।
ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ’ਚ ਡੁਰੂ ਡਵੀਜ਼ਨ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ.ਡੀ. ਐੱਮ.) ਗੁਲਾਮ ਰਸੂਲ ਵਾਨੀ ਨੇ ਸਟੇਸ਼ਨ ਹਾਊਸ ਅਫਸਰ (ਐੱਸ. ਐੱਚ. ਓ.) ਕਾਜੀਗੁੰਡ ਨੂੰ ਫੌਜ ਦੇ ਕੁਝ ਜਵਾਨਾਂ ਖਿਲਾਫ ਐੱਫ.ਆਈ. ਆਰ. ਦਰਜ ਕਰਵਾਉਣ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਆਰਮੀ ਦੇ ਜਵਾਨਾਂ ਨੇ ਨੈਸ਼ਨਲ ਹਾਈਵੇ ’ਤੇ ਉਨ੍ਹਾਂ ਦੇ ਕਰਮਚਾਰੀਆਂ ਨਾਲ ਹੱਥੋਪਾਈ ਕੀਤੀ ਹੈ। ਇਸ ਦਾ ਕਾਰਨ ਬੇਹੱਦ ਹੈਰਾਨ ਕਰਨ ਵਾਲਾ ਹੈ।
ਪੁਲਸ ਨੇ ਕਿਹਾ ਕਿ ਐੱਸ.ਡੀ. ਐੱਮ. ਅਤੇ ਹੋਰ ਸਰਕਾਰੀ ਕਰਮਚਾਰੀਆਂ ਨਾਲ ਫੌਜ ਦੇ ਜਵਾਨਾਂ ਵਲੋਂ ਕਥਿਤ ਹੱਥੋਪਾਈ ਦੇ ਮਾਮਲੇ ’ਚ ਫੌਜ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਸਬੰਧ ’ਚ ਪੁਲਸ ਸਟੇਸ਼ਨ ਕਾਜੀਗੁੰਡ ’ਚ ਫੌਜ ਖਿਲਾਫ ਧਾਰਾ 323, 341 ਆਰ. ਪੀ. ਸੀ. ਤਹਿਤ ਐੱਫ. ਆਈ. ਆਰ. ਨੰਬਰ 61/2019 ਦਰਜ ਕੀਤੀ ਗਈ ਹੈ।