ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ
Wednesday, Aug 19, 2020 - 06:34 PM (IST)
ਚਮੋਲੀ— ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 4 ਸਤੰਬਰ 2020 ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਵੀ ਸ਼ਰਧਾਲੂਆਂ ਲਈ ਖੁੱਲ੍ਹ ਜਾਣਗੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੇ ਇੰਤਜ਼ਾਮ ਪੂਰੇ ਕਰ ਲਏ ਹਨ। ਇਸ ਬਾਬਤ ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਵਾਤੀ ਐੱਸ. ਭਦੌਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ 4 ਸਤੰਬਰ ਨੂੰ ਸਵੇਰੇ 4 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।
ਦੱਸਣਯੋਗ ਹੈ ਕਿ ਹਰ ਸਾਲ ਸਿੱਖਾਂ ਦੇ ਪਵਿੱਤਰ ਸਥਾਨ, ਹੇਮਕੁੰਟ ਸਾਹਿਬ ਦੇ ਕਿਵਾੜ ਮਈ ਮਹੀਨੇ 'ਚ ਖੋਲ੍ਹੇ ਜਾਂਦੇ ਹਨ ਪਰ ਇਸ ਵਾਰ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਨੂੰ ਬੰਦ ਕਰ ਰੱਖਿਆ ਗਿਆ। ਫਿਲਹਾਲ ਹੁਣ ਪ੍ਰਸ਼ਾਸਨ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਜਾ ਰਹੀ ਹੈ। ਇਸ ਦੌਰਾਨ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਜਿਵੇਂ ਕਿ ਜੋ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦਾ ਹੈ, ਉਸ ਕੋਲ 72 ਘੰਟੇ ਪਹਿਲਾਂ ਕੋਰੋਨਾ ਟੈਸਟ ਰਿਪੋਰਟ ਹੋਵੇ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ ਤੋਂ ਈ-ਪਾਸ ਲੈ ਕੇ ਹੀ ਯਾਤਰਾ ਕਰਨੀ ਹੋਵੇਗੀ। ਯਾਤਰਾ ਦੌਰਾਨ ਮਾਸਕ ਲਾਉਣਾ ਜ਼ਰੂਰੀ ਹੋਵੇਗੀ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗਾ। ਤੀਰਥ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਕ੍ਰੀਨਿੰਗ ਵੀ ਕਰਵਾਈ ਜਾਵੇਗੀ।