ਪੁਲ ਤੋਂ ਝੁੱਗੀ ''ਤੇ ਜਾ ਡਿੱਗੀ ਤੇਜ਼ ਰਫ਼ਤਾਰ ਕਾਰ, ਸੁੱਤੇ ਪਏ ਪਰਿਵਾਰ ''ਚ ਪੈ ਗਿਆ ਚੀਕ-ਚਿਹਾੜਾ
Thursday, Apr 03, 2025 - 04:39 PM (IST)

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਰੇਲਵੇ ਪੁਲ ਦੀ ਰੇਲਿੰਗ ਤੋੜ ਕੇ ਇਕ ਕਾਰ ਝੁੱਗੀ 'ਤੇ ਜਾ ਡਿੱਗੀ, ਜਿਸ ਕਾਰਨ ਇਕ ਗਰਭਵਤੀ ਔਰਤ ਅਤੇ ਉਸ ਦਾ ਪਰਿਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ ਸਾਢੇ 11 ਵਜੇ ਵਾਪਰੀ, ਜਦੋਂ ਨਿਊ ਗਾਜ਼ੀਆਬਾਦ ਰੇਲਵੇ ਸਟੇਸ਼ਨ ਕੋਲ ਇਕ ਕਾਰ ਰੇਲਵੇ ਓਵਰਬ੍ਰਿਜ ਦੀ ਰੇਲਿੰਗ ਤੋੜ ਕੇ 50 ਫੁੱਟ ਹੇਠਾਂ ਇਕ ਝੁੱਗੀ 'ਤੇ ਜਾ ਡਿੱਗੀ।
ਘਟਨਾ ਸਮੇਂ ਝੁੱਗੀ 'ਚ ਸੁੱਤਾ ਪਿਆ ਸੀ ਪਰਿਵਾਰ
ਪੁਲਸ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਅਯੁੱਧਿਆ ਜ਼ਿਲ੍ਹੇ ਦੀ ਵਾਸੀ ਮਧੂ (33) ਆਪਣੇ ਪਤੀ ਸੰਦੀਪ (36) ਅਤੇ ਆਪਣੇ ਦੋ ਬੱਚਿਾਂ ਸ਼ਿਵਮ (8) ਅਤੇ ਕਾਰਤਿਕ (3) ਨਾਲ ਸੁੱਤੀ ਹੋਈ ਸੀ। ਪੁਲਸ ਨੇ ਦੱਸਿਆ ਕਿ ਚਾਰੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਕਵੀ ਨਗਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ 9 ਮਹੀਨੇ ਦੀ ਗਰਭਵਤੀ ਮਧੂ, ਉਸ ਦੇ ਪਤੀ ਅਤੇ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ।
ਗਰਭਵਤੀ ਦੀ ਹਾਲਤ ਨਾਜ਼ੁਕ, ਬੱਚੀ ਨੂੰ ਦਿੱਤਾ ਜਨਮ
ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮਧੂ ਨੂੰ ਬਾਅਦ 'ਚ ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਮਧੂ ਦੇ ਜੀਜਾ ਟੀਟੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ 'ਚ ਮਧੂ ਦੀਆਂ ਲੱਤਾਂ, ਪੇਟ, ਕਮਰ ਅਤੇ ਸਿਰ 'ਤੇ ਸੱਟਾਂ ਲੱਗੀਆਂ ਹਨ ਅਤੇ ਹਾਦਸੇ ਤੋਂ ਬਾਅਦ ਤੋਂ ਉਸ ਨੂੰ ਹੋਸ਼ ਨਹੀਂ ਆਇਆ ਹੈ। ਡਾਕਟਰਾਂ ਨੇ ਐਮਰਜੈਂਸੀ ਆਪਰੇਸ਼ਨ ਕੀਤਾ ਅਤੇ ਮਧੂ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ। ਹਾਲਾਂਕਿ ਮਧੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਨੁਕਸਾਨੀ ਕਾਰ 'ਚ ਫਸੇ ਚਾਰ ਨੌਜਵਾਨਾਂ ਨੂੰ ਬਾਹਰ ਕੱਢਿਆ।
ਘਟਨਾ ਮਗਰੋਂ ਕਾਰ ਛੱਡ ਕੇ ਭੱਜੇ ਨੌਜਵਾਨ
ਚਸ਼ਮਦੀਦਾਂ ਮੁਤਾਬਕ ਜਿਵੇਂ ਹੀ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਉਹ ਸਾਰੇ ਭੱਜ ਗਏ। ਘਟਨਾ ਤੋਂ ਬਾਅਦ ਟੀਟੂ ਨੇ ਕਵੀ ਨਗਰ ਥਾਣੇ 'ਚ ਚਾਰ ਨੌਜਵਾਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਕਾਰ 'ਚ ਸਵਾਰ ਚਾਰੇ ਨੌਜਵਾਨ ਸ਼ਰਾਬ ਦੇ ਨਸ਼ੇ 'ਚ ਸਨ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਹੇ ਸਨ। ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਕਾਰ ਗਾਜ਼ੀਆਬਾਦ ਦੇ ਵਿਜੇ ਨਗਰ ਥਾਣਾ ਖੇਤਰ ਦੇ ਹਰਮੁਖਪੁਰੀ ਨਿਵਾਸੀ ਜੁਵੇਦ ਖਾਨ ਦੇ ਨਾਮ 'ਤੇ ਰਜਿਸਟਰਡ ਹੈ।