ਮਹਾਤਮਾ ਗਾਂਧੀ ਨੂੰ ਸਮਰਪਿਤ ਵਿਸ਼ੇਸ਼ ਰੇਲ ਡੱਬੇ ਦੀ ਕੀਤੀ ਘੁੰਡ ਚੁਕਾਈ
Wednesday, Sep 11, 2024 - 11:48 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮਹਾਤਮਾ ਗਾਂਧੀ ਦੀਆਂ ਪ੍ਰਸਿੱਧ ਰੇਲ ਯਾਤਰਾਵਾਂ ਨਾਲ ਜੁੜੇ ਇਕ ਡੱਬੇ ਦੀ ਘੁੰਡ ਚੁਕਾਈ ਕੀਤੀ।
ਆਜ਼ਾਦੀ ਦੇ ਸੰਘਰਸ਼ ਦੌਰਾਨ ਰਾਸ਼ਟਰ ਨੂੰ ਇਕਜੁੱਟ ਕਰਨ ਦੇ ਮਹਾਤਮਾ ਗਾਂਧੀ ਦੇ ਮਿਸ਼ਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਉਨ੍ਹਾਂ ਦੀਆਂ ਪ੍ਰਸਿੱਧ ਰੇਲ ਯਾਤਰਾਵਾਂ ਦਾ ਇਹ ਡੱਬਾ ਪ੍ਰਤੀਕ ਹੈ। ਇਸ ਦੀ ਮੁਰੰਮਤ ਬੜੀ ਸਾਵਧਾਨੀ ਨਾਲ ਕੀਤੀ ਗਈ ਹੈ।
ਇਸ ਨੂੰ ਇੱਥੇ ਰਾਜਘਾਟ ਸਥਿਤ ਗਾਂਧੀ ਦਰਸ਼ਨ ’ਚ ਸਥਾਪਿਤ ਕੀਤਾ ਗਿਆ ਹੈ। ਇਸ ਡੱਬੇ ਨੂੰ ਭੂਰੇ ਰੰਗ ’ਚ ਰੰਗਿਆ ਗਿਆ ਹੈ ਅਤੇ ਇਸ ’ਤੇ “III” ਚਿੰਨ੍ਹਿਤ ਕੀਤਾ ਗਿਆ ਹੈ, ਜੋ ਤੀਜੀ ਸ਼੍ਰੇਣੀ ਨੂੰ ਦਰਸਾਉਂਦਾ ਹੈ। ਦਰਅਸਲ, ਗਾਂਧੀ ਜੀ ਤੀਜੀ ਸ਼੍ਰੇਣੀ ਵਿਚ ਹੀ ਸਫ਼ਰ ਕਰਦੇ ਸਨ। ਇਸ ਦੀਆਂ ਪੌੜੀਆਂ ’ਤੇ ਮਹਾਤਮਾ ਗਾਂਧੀ ਦੀ ਇਕ ਆਦਮਕੱਦ ਮੂਰਤੀ ਸਥਾਪਿਤ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੂੰ ਡੱਬੇ ਤੋਂ ਹੇਠਾਂ ਉਤਰਦੇ ਦਿਖਾਇਆ ਗਿਆ ਹੈ।