ਕੋਰੋਨਾ ਦਾ ਟੀਕਾ ਲਵਾਉਣ 'ਤੇ ਇਨ੍ਹਾਂ ਮੁਲਕਾਂ ਵਿਚ ਲੋਕਾਂ ਨੂੰ ਮਿਲ ਰਹੇ ਇਹ ਖਾਸ 'ਆਫਰ'
Saturday, Apr 10, 2021 - 03:07 AM (IST)
ਵਾਸ਼ਿੰਗਟਨ - ਅਮਰੀਕਾ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਉਥੇ ਹੀ ਦੁਨੀਆ ਦੇ ਤਮਾਮ ਮੁਲਕਾਂ ਵਿਚ ਵੀ ਹਾਲਾਤ ਠੀਕ ਨਹੀਂ ਹਨ। ਮਾਹਿਰ ਫਿਲਹਾਲ ਵੈਕਸੀਨ ਨੂੰ ਹੀ ਇਸ ਮਹਾਮਾਰੀ ਨੂੰ ਰੋਕਣ ਦਾ ਸਭ ਤੋਂ ਮਜ਼ਬੂਤ ਤਰੀਕਾ ਮੰਨ ਰਹੇ ਹਨ ਪਰ ਇਸ 'ਤੇ ਦੁਨੀਆ 2 ਹਿੱਸਿਆਂ ਵਿਚ ਵੰਡਦੀ ਨਜ਼ਰ ਆ ਰਹੀ ਹੈ। ਇਕ ਪਾਸੇ ਅਜਿਹੇ ਮੁਲਕ ਹਨ ਜਿਨ੍ਹਾਂ ਕੋਲ ਕੋਰੋਨਾ ਵੈਕਸੀਨ ਹੀ ਨਹੀਂ ਹੈ ਤਾਂ ਦੂਜੇ ਪਾਸੇ ਅਜਿਹੇ ਮੁਲਕ ਹਨ ਜਿਥੇ ਕਈ ਤਰ੍ਹਾਂ ਦੀਆਂ ਵੈਕਸੀਨਾਂ ਮੌਜੂਦ ਹਨ ਪਰ ਉਥੋਂ ਦੇ ਲੋਕ ਵੈਕਸੀਨ ਲੁਆਉਣ ਦੇ ਇਛੁੱਕ ਹੀ ਨਹੀਂ ਹਨ।
ਤਮਾਮ ਮੁਲਕਾਂ ਵਿਚ ਸਰਕਾਰ ਅਤੇ ਨਿੱਜੀ ਕੰਪਨੀਆਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਈ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ। ਇਨ੍ਹਾਂ ਵਿਚ ਰੈਸਤੋਰੈਂਟ ਵਿਚ ਫ੍ਰੀ ਖਾਣ-ਪੀਣ ਤੋਂ ਲੈ ਕੇ ਬੀਅਰ ਪਾਰਲਰ ਵਿਚ ਮੁਫਤ ਬੀਅਰ ਅਤੇ ਬਾਰ ਵਿਚ ਸਸਤੀ ਸ਼ਰਾਬ ਤੋਂ ਲੈ ਕੇ ਗਾਂਜੇ ਤੱਕ ਦੇ ਆਫਰ ਸ਼ਾਮਲ ਹਨ।
ਚੀਨ ਵਿਚ ਦੋਹਰੀ ਰਣਨੀਤੀ ਅਪਣਾਈ ਜਾ ਰਹੀ ਹੈ, ਉਥੇ ਸਰਕਾਰ ਅਤੇ ਕੰਪਨੀਆਂ ਵੈਕਸੀਨ ਲੁਆਉਣ ਲਈ ਕਈ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ ਤਾਂ ਕੁਝ ਸ਼ਹਿਰ ਵਿਚ ਲਾਜ਼ਮੀ ਵੈਕਸੀਨੇਸ਼ਨ ਦਾ ਹੁਕਮ ਸੁਣਾ ਦਿੱਤਾ ਗਿਆ ਹੈ ਅਤੇ ਕਈਆਂ ਵਿਚ ਟੀਕਾ ਨਾ ਲੁਆਉਣ ਵਾਲਿਆਂ ਨੂੰ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਅਤੇ ਘਰ ਤੋਂ ਖੋਹਣ ਦੀ ਧਮਕੀ ਦੇ ਦਿੱਤੀ ਹੈ। ਹੁਣ ਜਾਣੋ ਕਿ ਦੁਨੀਆ ਵਿਚ ਵੈਕਸੀਨ ਲੁਆਉਣ ਲਈ ਕੰਪਨੀਆਂ ਕਿਸ-ਕਿਸ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ....
1. ਅਮਰੀਕਾ
- ਅਮਰੀਕਾ ਵਿਚ ਮੈਕਡੋਨਾਲਡਸ, ਏ. ਟੀ. ਐਂਡ ਟੀ, ਇੰਸਕਾਰਟ, ਟਾਰਗੇਟ, ਟ੍ਰੈਡਰ ਜੋਸ, ਕੋਬਾਨੀ ਜਿਹੀਆਂ ਕਈ ਕੰਪਨੀਆਂ ਨੇ ਵੈਕਸੀਨ ਲੁਆਉਣ ਵਾਲੇ ਆਪਣੇ ਕਰਮਚਾਰੀਆਂ ਨੂੰ ਛੁੱਟੀ ਅਤੇ ਕੈਸ਼ ਦੇਣ ਦਾ ਐਲਾਨ ਕੀਤਾ ਹੈ। ਕਰਮਚਾਰੀਆਂ ਨੂੰ ਵੈਕਸੀਨ ਸੈਂਟਰ ਤੱਕ ਆਉਣ-ਜਾਣ ਲਈ 30 ਡਾਲਰ (ਭਾਵ 2200 ਰੁਪਏ) ਤੱਕ ਕੈਬ ਦਾ ਕਿਰਾਇਆ ਵੀ ਦਿੱਤਾ ਜਾ ਰਿਹਾ ਹੈ।
.ਵੈਕਸੀਨ ਲੁਆਉਣ 'ਤੇ ਪੂਰੇ ਸਾਲ ਰੋਜ਼ ਖਾਓ ਮੁਫਤ ਡੋਨੱਟ
- ਮੰਨੀ-ਪ੍ਰਮੰਨੀ ਡੋਨੱਟ ਕੰਪਨੀ ਕ੍ਰਿਸਪੀ ਕ੍ਰੀਮ ਨੇ ਵੈਕਸੀਨ ਲੁਆਉਣ ਵਾਲਿਆਂ ਲਈ 2021 ਦੇ ਆਖਿਰ ਤੱਕ ਹਰ ਰੋਜ਼ ਇਕ ਮੁਫਤ ਡੋਨੱਟ ਦੇਣ ਦਾ ਐਲਾਨ ਕੀਤਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਲੋਕਾਂ ਨੂੰ ਸਿਰਫ ਮਾਡਰਨਾ, ਫਾਈਜ਼ਰ ਜਾਂ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਲੁਆਉਣ ਦਾ ਕਾਰਡ ਦਿਖਾਉਣਾ ਹੋਵੇਗਾ।
.ਮੁਫਤ ਬੀਅਰ ਤੋਂ ਲੈ ਕੇ ਗਾਂਜੇ ਤੱਕ ਦੇ ਆਫਰ
- ਓਹੀਓ ਵਿਚ ਮਾਰਕਿਟ ਗਾਰਡਨ ਬਰੂਅਰੀ ਨੇ ਵੈਕਸੀਨ ਲੁਆਉਣ ਵਾਲੇ ਪਹਿਲੇ 2021 ਲੋਕਾਂ ਨੂੰ ਮੁਫਤ ਵਿਚ ਬੀਅਰ ਦੇਣ ਦਾ ਆਫਰ ਦਿੱਤਾ ਹੈ। ਉਥੇ ਮਿਸ਼ੀਗਨ ਵਿਚ ਮੈਡੀਕਲ ਮੈਰੀਜ਼ੁਆਨਾ ਭਾਵ ਗਾਂਜਾ ਵੇਚਣ ਵਾਲੀ ਇਕ ਕੰਪਨੀ ਵੈਕਸੀਨ ਲੁਆਉਣ ਵਾਲੇ ਲੋਕਾਂ ਨੂੰ ਪ੍ਰੀ-ਰੋਲਡ ਜੁਆਇੰਟ (ਗਾਂਜਾ) ਉਪਲੱਬਧ ਕਰਾ ਰਹੀ ਹੈ।
.ਬਾਰ ਵਿਚ 5 ਡਾਲਰ ਮਿਲਣਗੇ, ਸਿਨੇਮਾ ਘਰਾਂ ਵਿਚ ਪਾਪਕੋਰਨ ਮੁਫਤ
- ਅਮਰੀਕਾ ਦੇ ਮਿੱਡ-ਵੈਸਟਰਨ ਸੂਬਿਆਂ - ਆਯੋਵਾ, ਮਿਸੌਰੀ, ਵਿਸਕਾਂਸਿਨ, ਮਿਨੇਸੋਟਾ, ਟੈਨੇਸੀ ਅਤੇ ਓਕਲਾਹੋਮਾ ਦੀ ਆਰਕੇਡ ਬਾਰ ਚੇਨ ਵਿਚ ਵੈਕਸੀਨ ਲੁਆਉਣ ਵਾਲਿਆਂ ਨੂੰ 5 ਡਾਲਰ ਦਿੱਤੇ ਜਾ ਰਹੇ ਹਨ। ਉਥੇ ਓਹੀਓ ਦੇ ਕਵੀਵ ਲੈਂਡ ਵਿਚ ਕਈ ਸਿਨੇਮਾ ਘਰਾਂ ਵਿਚ ਵੈਕਸੀਨੇਸ਼ਨ ਕਾਰਡ ਦਿਖਾਉਣ 'ਤੇ ਮੁਫਤ ਪਾਪਕੋਰਨ ਦਿੱਤੇ ਜਾ ਰਹੇ ਹਨ।
2. ਏਸ਼ੀਆ, ਨਾਰਥ ਅਮਰੀਕਾ ਤੇ ਯੂਰਪ 'ਚ ਫ੍ਰੀ ਰਾਈਡ
- ਕੈਬ ਐਗ੍ਰੀਗੇਟਰ ਐਪ ਓਬਰ ਭਾਰਤ ਸਣੇ ਪੂਰੇ ਏਸ਼ੀਆ, ਉੱਤਰੀ ਅਮਰੀਕਾ ਅਤੇ ਯੂਰਪ ਵਿਚ ਵੈਕਸੀਨ ਸੈਂਟਰ ਤੱਕ ਜਾਣ-ਆਉਣ ਵਿਚ ਅਸਮਰੱਥ ਲੋਕਾਂ ਨੂੰ ਇਕ ਕਰੋੜ ਫ੍ਰੀ ਰਾਈਡਸ ਦੇ ਰਹੀ ਹੈ।
3. ਚੀਨ 'ਚ ਵਿਆਹ ਦੀ ਐਲਬਮ ਬਣਾਉਣ 'ਤੇ ਛੋਟ
- ਬੀਜ਼ਿੰਗ ਵਿਚ ਕਈ ਵੈਕਸੀਨੇਸ਼ਨ ਸੈਂਟਰਾਂ ਦੇ ਬਾਹਰ ਮੈਕਡੋਨਾਲਡਸ ਵੈਕਸੀਨ ਲੁਆਉਣ ਵਾਲਿਆਂ ਨੂੰ ਇਕ ਦੇ ਨਾਲ ਇਕ ਫ੍ਰੀ ਆਈਸਕ੍ਰੀਮ ਦੇ ਰਿਹਾ ਹੈ। ਉਥੇ ਹੀ ਬੀਜ਼ਿੰਗ ਵਿਚ ਸਰਕਾਰੀ ਸਟੂਡੀਓ ਵੈਕਸੀਨ ਲੁਆਉਣ 'ਤੇ ਵਿਆਹ ਦੀ ਐਲਬਮ ਬਣਾਉਣ 'ਤੇ 10 ਫੀਸਦੀ ਦੀ ਛੋਟ ਦੇ ਰਿਹਾ ਹੈ।
4. ਇਜ਼ਰਾਇਲ ਵਿਚ ਮੁਫਤ ਖਾਣ-ਪੀਣ
- ਇਜ਼ਰਾਇਲ ਦੇ ਕਈ ਬਾਰ ਅਤੇ ਰੈਸਤੋਰੈਂਟਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੁਆਉਣ ਵਾਲੇ ਲੋਕਾਂ ਨੂੰ ਮੁਫਤ ਵਿਚ ਖਾਣਾ ਅਤੇ ਡ੍ਰਿੰਕਸ ਮੁਹੱਈਆ ਕਰਾਉਣ ਲਈ ਸਰਕਾਰ ਨਾਲ ਸਮਝੌਤਾ ਕੀਤਾ ਹੈ।
5. ਭਾਰਤ ਵਿਚ 25-30 ਫੀਸਦੀ ਤੱਕ ਦੀ ਛੋਟ ਦੇ ਰਹੇ ਰੈਸਤੋਰੈਂਟ
- ਪੁਰਾਣੀ ਦਿੱਲੀ ਅਤੇ ਕਨਾਟ ਪਲੇਸ ਦੇ ਕਈ ਰੈਸਤੋਰੈਂਟਾਂ ਅਤੇ ਹੋਟਲ ਵੈਕਸੀਨ ਲੁਆਉਣ ਵਾਲਿਆਂ ਨੂੰ 25-30 ਫੀਸਦੀ ਤੱਕ ਦੀ ਛੋਟ ਦੇ ਰਹੇ ਹਨ। ਰੈਸਤੋਰੈਂਟ ਅਤੇ ਹੋਟਲ ਵਾਲੇ ਲੋਕਾਂ ਦੇ ਮੋਬਾਈਲ 'ਤੇ ਇਸ ਛੋਟ ਦਾ ਮੈਸੇਜ ਪਹੁੰਚਾ ਰਹੇ ਹਨ।
6. ਚੀਨ ਵਿਚ ਬੱਚਿਆਂ ਦੀ ਪੜ੍ਹਾਈ, ਨੌਕਰੀ ਖੋਹਣ ਦੀ ਧਮਕੀ
- ਚੀਨ ਦੇ ਉੱਤਰੀ ਗਾਂਸੁ ਸੂਬੇ ਵਿਚ ਇਕ ਕਾਉਂਟੀ ਸਰਕਾਰ ਨੇ 20 ਪੈਰਾਗ੍ਰਾਫ ਦੀ ਕਵਿਤਾ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਕੋਰੋਨਾ ਵੈਕਸੀਨੇਸ਼ਨ ਦਾ ਗੁਣਗਾਣ ਹੈ। ਉਥੇ ਹੇਨਾਨ ਸੂਬੇ ਦੇ ਵਾਨਚੇਂਗ ਸ਼ਹਿਰ ਵਿਚ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਟੀਕਾਕਰਨ ਤੋਂ ਇਨਕਾਰ ਕਰਨ ਵਾਲਿਆਂ ਦੇ ਬੱਚਿਆਂ ਦੀ ਸਕੂਲੀ ਪੜ੍ਹਾਈ, ਰੁਜ਼ਗਾਰ ਅਤੇ ਘਰ ਖਤਰੇ ਵਿਚ ਪੈ ਸਕਦੇ ਹਨ।
- ਦੱਖਣੀ ਪੱਛਣੀ ਚੀਨ ਦੇ ਰੂਇਲੀ ਸ਼ਹਿਰ ਵਿਚ ਪਿਛਲੇ ਹਫਤੇ ਕੋਰੋਨਾ ਦੇ ਕੁਝ ਮਾਮਲੇ ਮਿਲਣ ਤੋਂ ਬਾਅਦ ਸਾਰਿਆਂ ਲਈ ਲਾਜ਼ਮੀ ਟੀਕਾਕਰਨ ਦਾ ਹੁਕਮ ਦੇ ਦਿੱਤਾ ਗਿਆ। ਇਥੇ 24 ਘੰਟੇ ਵੈਕਸੀਨੇਸ਼ਨ ਰਾਹੀਂ 5 ਦਿਨਾਂ ਵਿਚ 2 ਲੱਖ ਤੋਂ ਵੱਧ ਦੀ ਪੂਰੀ ਆਬਾਦੀ ਨੂੰ ਵੈਕਸੀਨ ਲਾ ਦਿੱਤੀ ਗਈ।