ਦੱਖਣੀ ਅਫਰੀਕਾ ਨੇ ਐਸਟਰਾਜ਼ੇਨੇਕਾ ਟੀਕਾ ਭਾਰਤ ਨੂੰ ਵਾਪਸ ਨਹੀਂ ਕੀਤਾ : ਸਿਹਤ ਮੰਤਰੀ

02/17/2021 12:06:26 PM

ਜੋਹਾਨਸਬਰਗ (ਬਿਊਰੋ): ਹਾਲ ਹੀ ਵਿਚ ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੱਖਣੀ ਅਫਰੀਕਾ ਨੇ ਸੀਰਮ ਇੰਸਟੀਚਿਊਟ ਨੂੰ ਕਿਹਾ ਹੈ ਕਿ ਉਹ ਐਸਟ੍ਰਾਜ਼ੇਨੇਕਾ ਕੋਰੋਨਾ ਵੈਕਸੀਨ ਦੀਆਂ 10 ਲੱਖ ਖੁਰਾਕਾਂ ਵਾਪਸ ਲੈ ਲਵੇ। ਮੰਗਲਵਾਰ ਨੂੰ ਦੱਖਣੀ ਅਫਰੀਕਾ ਦੇ ਸਿਹਤ ਮੰਤਰੀ  ਡਾਕਟਰ ਜ਼ਵੇਲਿ ਮਖਿਜ਼ੇ ਨੇ ਵੈਕਸੀਨ ਵਾਪਸ ਕਰਨ ਵਾਲੀਆਂ ਖ਼ਬਰਾਂ ਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੂੰ ਵੈਕਸੀਨ ਵਾਪਸ ਨਹੀਂ ਕਰੇਗਾ। ਉਹਨਾਂ ਨੇ ਕਿਹਾ ਕਿ ਮੈਂ ਕੁਝ ਮੀਡੀਆ ਰਿਪੋਰਟਾਂ ਨੂੰ ਸਪੱਸ਼ਟ ਕਰਨਾ ਚਾਹਾਂਗਾ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਟੀਕੇ ਭਾਰਤ ਨੂੰ ਵਾਪਸ ਕਰ ਦਿੱਤੇ ਹਨ। ਅਸੀਂ ਐਸਟਰਾਜ਼ੇਨੇਕਾ ਟੀਕੇ ਭਾਰਤ ਨੂੰ ਵਾਪਸ ਨਹੀਂ ਕੀਤੇ। 

ਜ਼ਿਕਰਯੋਗ ਹੈ ਕਿ ਇਕਨੌਮਿਕ ਟਾਈਮਜ਼ ਵਿਚ ਛਪੀ ਇਕ ਖ਼ਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਭੇਜੀ ਗਈ ਕੋਰੋਨਾ ਵੈਕਸੀਨ ਦੀਆਂ 10 ਲੱਖ ਖੁਰਾਕਾਂ ਨੂੰ ਦੱਖਣੀ ਅਫਰੀਕਾ ਵਾਪਸ ਕਰਨਾ ਚਾਹੁੰਦਾ ਹੈ। ਇਸ ਤੋ ਪਹਿਲਾਂ ਦੱਖਣੀ ਅਫਰੀਕਾ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਇੱਥੇ ਟੀਕਾਕਰਣ ਮੁਹਿੰਮ ਵਿਚ ਐਸਟ੍ਰਾਜ਼ੇਨੇਕਾ ਦੀ ਵੈਕਸੀਨ ਨੂੰ ਸ਼ਾਮਲ ਨਹੀਂ ਕਰੇਗਾ। ਸੀਰਮ ਇੰਸਟੀਚਿਊਟ ਆਫ ਇੰਡੀਆ ਇਕ ਮੁੱਖ ਵੈਕਸੀਨ ਸਪਲਾਇਰ ਦੇ ਤੌਰ 'ਤੇ ਉਭਰਿਆ ਹੈ ਜੋ ਆਕਸਫੋਰਡ-ਐਸਟ੍ਰਾਜ਼ੇਨੇਕਾ ਦੀ ਵੈਕਸੀਨ ਦਾ ਉਤਪਾਦਨ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ-ਦਿਸ਼ਾ ਰਵੀ ਨੂੰ ਸਮਰਥਨ ਦੇਣ ਵਾਲੀ ਬ੍ਰਿਟਿਸ਼ ਸਾਂਸਦ ਨੂੰ ਭਾਰਤੀ ਹਾਈ ਕਮਿਸ਼ਨ ਨੇ ਲਿਖਿਆ ਖੁੱਲ੍ਹਾ ਪੱਤਰ

ਪਿਛਲੇ ਹਫ਼ਤੇ ਹੀ ਦੱਖਣੀ ਅਫਰੀਕਾ ਵਿਚ ਸੀਰਮ ਦੀ ਵੈਕਸੀਨ ਦੀਆਂ 10 ਲੱਖ ਖੁਰਾਕਾਂ ਦੀ ਪਹਿਲੀ ਖੇਪ ਪਹੁੰਚੀ ਸੀ। 5 ਲੱਖ ਖੁਰਾਕਾਂ ਅਗਲੇ ਕੁਝ ਹਫਤਿਆਂ ਵਿਚ ਉੱਥੇ ਪਹੁੰਚਣ ਵਾਲੀਆਂ ਹਨ। ਇੱਥੇ ਦੱਸ ਦਈਏ ਕਿ ਦੱਖਣੀ ਅਫਰੀਕਾ ਵਿਚ ਹੁਣ ਤੱਕ ਟੀਕਾਕਰਣ ਦੀ ਸ਼ੁਰੂਆਤ ਨਹੀਂ ਹੋਈ ਹੈ। ਉਸ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਇੱਥੇ ਹੈਲਥ ਵਰਕਰਾਂ ਨੂੰ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੇਵੇਗਾ। ਇਹ ਟੀਕਾਕਰਣ ਮੁਹਿੰਮ ਖੋਜੀਆਂ ਨਾਲ ਇਕ ਅਧਿਐਨ ਦੀ ਤਰ੍ਹਾਂ ਹੋਵੇਗੀ। ਇਹ ਖ਼ਬਰ ਅਜਿਹੇ ਸਮੇਂ ਵਿਚ ਆਈ ਜਦੋਂ ਸੋਮਵਾਰ ਨੂੰ ਵਿਸ਼ਵ ਸਿਹਤ ਸੰਗਠਨ  ਨੇ ਐਸਟ੍ਰੇਜ਼ੇਨੇਕਾ ਦੀ ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਦੁਨੀਆ ਵਿਚ ਕਿਤੇ ਵੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ।


Vandana

Content Editor

Related News