ਕਾਂਗਰਸ ਨੂੰ ਬਚਾਉਣ ਲਈ ਯਤਨਸ਼ੀਲ ਹਨ ਸੋਨੀਆ ਗਾਂਧੀ
Friday, May 13, 2022 - 04:52 PM (IST)

ਨਵੀਂ ਦਿੱਲੀ– 1998 ਵਿਚ ਸੋਨੀਆ ਗਾਂਧੀ ਕਾਂਗਰਸ ਪਾਰਟੀ ਨੂੰ ਮੁੜ ਜ਼ਿੰਦਾ ਕਰਨ ਦੇ ਮਿਸ਼ਨ ’ਤੇ ਸੀ ਜਦੋਂ ਸੀ. ਡਬਲਿਊ. ਸੀ. ਨੇ ਸੀਤਾਰਾਮ ਕੇਸਰੀ ਨੂੰ ਪ੍ਰਧਾਨ ਅਹੁਦੇ ਤੋਂ ਹਟਾ ਕੇ ਸੋਨੀਆ ਨੂੰ ਪ੍ਰਧਾਨ ਬਣਾ ਦਿੱਤਾ ਸੀ। 6 ਸਾਲ ਦੇ ਅੰਦਰ ਹੀ ਉਨ੍ਹਾਂ ਕ੍ਰਿਸ਼ਮਾ ਕਰ ਕੇ ਦਿਖਾਇਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸਥਾਪਤ ਕਰ ਦਿੱਤੀ, ਜੋ 10 ਸਾਲ ਤੱਕ ਸੱਤਾ ਵਿਚ ਰਹੀ ਪਰ ਸੋਨੀਆ ਗਾਂਧੀ ਜਾਣਦੀ ਹੈ ਕਿ ਇਹ 2022 ਹੈ 1998 ਨਹੀਂ। ਅੱਜ ਦੇ ਸਮੇਂ ਵਿਚ ਭਾਜਪਾ ਮੁਕਾਬਲਤਨ ਜਵਾਨ ਹੈ, ਜਿਸ ਕੋਲ ਮੋਦੀ, ਅਮਿਤ ਸ਼ਾਹ ਅਤੇ ਨੱਢਾ ਵਰਗੇ ਨੇਤਾ ਹਨ, ਜੋ 24 ਘੰਟ ਸਰਗਰਮ ਰਹਿੰਦੇ ਹਨ।
ਦੂਜੇ ਪਾਸੇ ਕਾਂਗਰਸ ਕੋਲ ਪਾਰਟਟਾਈਮ ਨੇਤਾ ਹਨ, ਜੋ ਮੋਦੀ ਦੇ ‘ਕਾਂਗਰਸ ਮੁਕਤ ਭਾਰਤ’ ਮਿਸ਼ਨ ਵਿਚ ਸਹਾਇਕ ਸਾਬਿਤ ਹੋ ਰਹੇ ਹਨ। ਰਾਹੁਲ ਗਾਂਧੀ ਮੋਦੀ ਦਾ ਮੁਕਾਬਲਾ ਕਰਨ ਵਿਚ ਸਮਰੱਥ ਨਹੀਂ ਹਨ ਕਿਉਂਕਿ ਉਨ੍ਹਾਂ ਵਿਚ ਆਪਣੀਆਂ ਕਮੀਆਂ ਹਨ। ਉਹ ਆਪਣੀਆਂ ਅਚਨਚੇਤੀ ਸਰਗਰਮੀਆਂ ਕਾਰਨ ਭਾਜਪਾ ਲਈ ਫਾਇਦੇਮੰਦ ਸਾਬਿਤ ਹੁੰਦੇ ਹਨ।
ਸੋਨੀਆ ਕਾਫੀ ਸੁਲਝੀ ਹੋਈ ਹੈ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈਂਦੀ ਹੈ। ਇਸ ਲਈ ਉਦੇਪੁਰ ਵਿਚ ਹੋ ਰਿਹਾ ਕਾਂਗਰਸ ਦਾ ਚਿੰਤਨ ਕੈਂਪ ਕਾਫੀ ਅਹਿਮ ਰਹਿਣ ਵਾਲਾ ਹੈ। ਰਾਹੁਲ ਪਾਰਟੀ ਦੇ ਸੰਗਠਨ ਵਿਚ ਬੁਨਿਆਦੀ ਸੁਧਾਰ ਚਾਹੁੰਦੇ ਹਨ, ਜਿਸ ਦੇ ਲਈ ਇਹ ਢੁੱਕਵਾਂ ਸਮਾਂ ਨਹੀਂ ਹੈ ਕਿਉਂਕਿ ਇਸ ਸਮੇਂ ਪਾਰਟੀ ਗਿਰਾਵਟ ’ਤੇ ਹੈ। ਪਰਦੇ ਦੇ ਪਿੱਛਿਓਂ ਅਜਿਹੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਸਤੰਬਰ ਵਿਚ ਕਿਸੇ ਗ਼ੈਰ ਗਾਂਧੀ ਨੂੰ ਕਾਂਗਰਸ ਪ੍ਰਧਾਨ ਦਾ ਅਹੁਦਾ ਸੌਂਪਿਆ ਜਾ ਸਕਦਾ ਹੈ।
ਕਾਠਮੰਡੂ ਨਾਈਟ ਕਲੱਬ ਮਾਮਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਰਾਹੁਲ ਇਸ ਦੇ ਲਈ ਉਚਿਤ ਨਹੀਂ ਹਨ, ਇਸ ਲਈ ਸੋਨੀਆ ਗਾਂਧੀ ਲਈ ਰਾਹ ਮੁਸ਼ਕਲ ਹੈ। ਜ਼ਿਆਦਾਤਰ ਕਾਂਗਰਸੀ ਸੋਨੀਆ ਦੇ ਪ੍ਰਧਾਨ ਅਹੁਦੇ ’ਤੇ ਬਣੇ ਰਹਿਣ ’ਤੇ ਸਹਿਮਤ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਵੱਖ-ਵੱਖ ਮਸਲਿਆਂ ਨੂੰ ਵਧੇਰੇ ਮਾਹਰਤਾ ਨਾਲ ਸੁਲਝਾਇਆ ਹੈ।