ਅਸਤੀਫ਼ਾ ਨਹੀਂ, ਸੋਨੀਆ ਗਾਂਧੀ ਹੀ ਬਣੀ ਰਹੇਗੀ ਕਾਂਗਰਸ ਦੀ ਅੰਤਰਿਮ ਪ੍ਰਧਾਨ

08/24/2020 6:31:21 PM

ਨਵੀਂ ਦਿੱਲੀ— ਅੱਜ ਯਾਨੀ ਕਿ ਸੋਮਵਾਰ ਨੂੰ ਕਾਂਗਰਸ ਕਾਰਜ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ ਹੋਈ। ਕਾਫੀ ਲੰਬੀ ਖਿੱਚੋਤਾਣ ਮਗਰੋਂ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਫ਼ਿਲਹਾਲ ਸੋਨੀਆ ਗਾਂਧੀ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣੀ ਰਹੇਗੀ। ਜਾਣਕਾਰੀ ਮੁਤਾਬਕ ਬੈਠਕ 'ਚ ਸੋਨੀਆ ਦੇ ਨਾਂ 'ਤੇ ਰਜ਼ਾਮੰਦੀ ਬਣੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣੀ ਰਹੇਗੀ। ਸੀ. ਡਬਲਿਊ. ਸੀ. ਦੀ ਇਹ ਬੈਠਕ ਕਰੀਬ 7 ਘੰਟੇ ਚੱਲੀ। ਇਸ ਦੌਰਾਨ ਲੀਡਰਸ਼ਿਪ ਦੇ ਸਵਾਲ 'ਤੇ ਖੁੱਲ੍ਹ ਕੇ ਗੱਲਬਾਤ ਹੋਈ। ਜ਼ਿਕਰਯੋਗ ਹੈ ਕਿ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵਿਚ ਸੋਨੀਆ ਗਾਂਧੀ ਨੇ ਅੰਤਰਿਮ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਆਖੀ ਸੀ। ਇਸ ਦੇ ਨਾਲ ਹੀ ਪਾਰਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਵੀ ਕਿਹਾ ਸੀ। ਹਾਲਾਂਕਿ ਸਾਬਾਕ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਏ. ਕੇ. ਐਂਟਨੀ ਸਮੇਤ ਕਈ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ ਸੀ।

ਦੱਸ ਦੇਈਏ ਕਿ ਇਹ ਬੈਠਕ ਅਜਿਹੇ ਸਮੇਂ ਵਿਚ ਹੋਈ, ਜਦੋਂ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਦੀ ਪ੍ਰਤੀਕਿਰਿਆ ਦੇ ਤੌਰ 'ਤੇ ਇਹ ਬੈਠਕ ਬੁਲਾਈ ਗਈ ਸੀ। ਪਾਰਟੀ ਦੀ ਇਹ ਬੈਠਕ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੋਈ। ਡਾ. ਮਨਮੋਹਨ ਸਿੰਘ, ਪ੍ਰਿਅੰਕਾ ਗਾਂਧੀ ਵਾਡਰਾ, ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਨੇਤਾ ਕਾਂਗਰਸ ਕਾਰਜ ਕਮੇਟੀ ਦੀ ਵਰਚੁਅਲ ਬੈਠਕ ਹਿੱਸਾ ਲਿਆ। ਬੈਠਕ 'ਚ ਕਾਫੀ ਕਾਂਗਰਸੀ ਨੇਤਾਵਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਗਈ ਚਿੱਠੀ 'ਤੇ ਕਾਫੀ ਘਮਾਸਾਨ ਹੋਇਆ। ਕਾਂਗਰਸੀ ਨੇਤਾ ਹੀ ਦੋ ਖੇਮਿਆਂ 'ਚ ਵੰਡੇ ਗਏ ਅਤੇ ਇਕ-ਦੂਜੇ 'ਤੇ ਬਿਆਨਬਾਜ਼ੀ ਕਰਦੇ ਰਹੇ। ਰਾਹੁਲ ਗਾਂਧੀ ਨੇ ਚਿੱਠੀ ਲਿਖਣ ਦੇ ਸਮੇਂ 'ਤੇ ਸਵਾਲ ਚੁੱਕਿਆ। 

ਸੀ. ਡਬਲਿਊ. ਸੀ. ਦੀ ਬੈਠਕ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਪਾਰਟੀ 'ਚ ਉਸ ਸਮੇਂ ਨਵਾਂ ਸਿਆਸੀ ਤੁਫਾਨ ਆ ਗਿਆ, ਜਦੋਂ ਪੂਰੇ ਸਮੇਂ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਪ੍ਰਧਾਨ ਬਣਾਉਣ ਅਤੇ ਸੰਗਠਨ 'ਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਬਦਲਾਅ ਦੀ ਮੰਗ ਨੂੰ ਲੈ ਕੇ ਸੋਨੀਆ ਗਾਂਧੀ ਨੂੰ 23 ਸੀਨੀਅਰ ਨੇਤਾਵਾਂ ਵਲੋਂ ਚਿੱਠੀ ਲਿਖੇ ਜਾਣ ਦੀ ਜਾਣਕਾਰੀ ਸਾਹਮਣੇ ਆਈ। 10 ਅਗਸਤ ਨੂੰ ਅੰਤਰਿਮ ਪ੍ਰਧਾਨ ਦੇ ਰੂਪ ਵਿਚ ਸੋਨੀਆ ਗਾਂਧੀ ਦਾ ਇਕ ਸਾਲ ਪੂਰਾ ਹੋ ਗਿਆ ਹੈ। ਲਿਹਾਜਾ, ਕਾਂਗਰਸ ਪ੍ਰਧਾਨ ਨੂੰ ਲੈ ਕੇ ਪਾਰਟੀ 'ਚ ਚਰਚਾ ਸੀ।


Tanu

Content Editor

Related News