ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ 15 ਸਾਲਾ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖ਼ਤਰਾ, ਜਾਣੋ ਕੀ ਹੈ ਵਜ੍ਹਾ

Tuesday, Aug 30, 2022 - 11:33 AM (IST)

ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ 15 ਸਾਲਾ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖ਼ਤਰਾ, ਜਾਣੋ ਕੀ ਹੈ ਵਜ੍ਹਾ

ਹਿਸਾਰ/ਹਰਿਆਣਾ (ਬਿਊਰੋ)  : ਟਿਕ ਟੌਕ ਸਟਾਰ, ਅਦਾਕਾਰਾ ਅਤੇ ਭਾਜਪਾ ਆਗੂ ਸੋਨਾਲੀ ਫੋਗਾਟ ਕਤਲ ਕੇਸ  ਵਿਚ ਲਗਾਤਾਰ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ 15 ਸਾਲਾ ਇਕਲੌਤੀ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖ਼ਤਰਾ ਦੱਸਿਆ ਜਾ ਰਿਹਾ ਹੈ। ਯਸ਼ੋਧਰਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਰਿਵਾਰਕ ਮੈਂਬਰ ਜਲਦ ਹੀ ਪੁਲਸ ਸੁਪਰਡੈਂਟ ਨੂੰ ਮਿਲਣਗੇ।

ਤਾਊ ਕੁਲਦੀਪ ਫੋਗਾਟ ਨੇ ਯਸ਼ੋਧਰਾ ਦੀ ਸੁਰੱਖਿਆ ਲਈ ਗੰਨਮੈਨ ਦੀ ਕੀਤੀ ਮੰਗ
ਯਸ਼ੋਧਰਾ ਦੇ ਤਾਊ ਕੁਲਦੀਪ ਫੋਗਾਟ ਦਾ ਕਹਿਣਾ ਹੈ ਕਿ ਐੱਸ. ਪੀ. ਨੂੰ ਮਿਲ ਕੇ ਯਸ਼ੋਧਰਾ ਦੀ ਸੁਰੱਖਿਆ ਲਈ ਗੰਨਮੈਨ ਦੇਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੋਨਾਲੀ ਫੋਗਾਟ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲਾ ਵਿਅਕਤੀ ਯਸ਼ੋਧਰਾ ਲਈ ਵੀ ਖ਼ਤਰਾ ਬਣ ਸਕਦਾ ਹੈ। ਉਹ ਜਾਇਦਾਦ ਹੜੱਪਣ ਲਈ ਇੱਕ ਹੋਰ ਕਤਲ ਦੀ ਸਾਜ਼ਿਸ਼ ਰਚ ਸਕਦਾ ਹੈ। ਪਰਿਵਾਰ ਨੇ ਹੁਣ ਯਸ਼ੋਧਰਾ ਨੂੰ ਹੋਸਟਲ ਦੀ ਬਜਾਏ ਘਰ 'ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਯਸ਼ੋਧਰਾ ਨੂੰ ਉਸ ਦੀ ਇੱਛਾ ਅਨੁਸਾਰ ਦਾਦੀ ਜਾਂ ਨਾਨੀ ਕੋਲ ਰੱਖਿਆ ਜਾਵੇਗਾ। ਇਸ ਸਬੰਧੀ ਫ਼ੈਸਲਾ 1 ਸਤੰਬਰ ਨੂੰ ਸੋਨਾਲੀ ਦੀ ਤੇਰ੍ਹਵੀਂ ਤੋਂ ਬਾਅਦ ਲਿਆ ਜਾਵੇਗਾ। ਇਸ ਦੇ ਨਾਲ ਹੀ ਯਸ਼ੋਧਰਾ ਦੇ 21 ਸਾਲ ਦੀ ਹੋਣ ਤੱਕ ਪਰਿਵਾਰ ਕੇਅਰਟੇਕਰ ਬਣ ਕੇ ਰਹੇਗਾ।

PunjabKesari

110 ਕਰੋੜ ਦੀ ਜਾਇਦਾਦ ਦੀ ਇਕਲੌਤੀ ਮਾਲਕ ਯਸ਼ੋਧਰਾ 
ਸੋਨਾਲੀ ਫੋਗਾਟ ਕੋਲ ਕਰੀਬ 110 ਕਰੋੜ ਦੀ ਜਾਇਦਾਦ ਹੈ। ਹੁਣ ਉਨ੍ਹਾਂ ਦੀ ਇਕਲੌਤੀ ਧੀ ਯਸ਼ੋਧਰਾ ਇਸ ਜਾਇਦਾਦ ਦੀ ਹੱਕਦਾਰ ਹੋਵੇਗੀ। ਤਾਊ ਕੁਲਦੀਪ ਫੋਗਾਟ ਅਨੁਸਾਰ ਉਸ ਦੇ ਪਤੀ ਸੰਜੇ ਦੀ ਹਿੱਸੇਦਾਰੀ ਸੋਨਾਲੀ ਦੇ ਨਾਂ ਕਰੀਬ 13 ਏਕੜ ਹੈ। ਇਸ ਦੇ ਨਾਲ ਹੀ 6 ਏਕੜ ਵਿਚ ਇੱਕ ਫਾਰਮ ਹਾਊਸ ਅਤੇ ਇੱਕ ਰਿਜ਼ੋਰਟ ਬਣਾਇਆ ਗਿਆ ਹੈ।
ਸੋਨਾਲੀ ਕੋਲ ਸਕਾਰਪੀਓ ਸਮੇਤ ਤਿੰਨ ਗੱਡੀਆਂ ਹਨ। ਪਰਿਵਾਰਕ ਮੈਂਬਰ ਸੋਨਾਲੀ ਫੋਗਾਟ ਦੇ ਗੁਰੂਗ੍ਰਾਮ ਵਿਚ ਦੋ ਫਲੈਟ ਵੀ ਦੱਸ ਰਹੇ ਹਨ। ਹਾਲਾਂਕਿ ਪਰਿਵਾਰ ਨੂੰ ਅਜੇ ਤੱਕ ਉਨ੍ਹਾਂ ਦੇ ਦਸਤਾਵੇਜ਼ਾਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ 110 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ।

PunjabKesari

ਗੋਆ ਪੁਲਸ ਦੀ ਇਕ ਟੀਮ ਹਰਿਆਣਾ ਲਈ ਹੋਵੇਗੀ ਰਵਾਨਾ
ਦੱਸਣਯੋਗ ਹੈ ਕਿ ਸੋਨਾਲੀ ਫੋਗਾਟ ਦੀ ਮੌਤ ਅਤੇ ਡਰੱਗਜ਼ ਮਾਮਲੇ ਦੀ ਜਾਂਚ ਲਈ ਗੋਆ ਪੁਲਸ ਦੀ ਇਕ ਟੀਮ ਮੰਗਲਵਾਰ ਨੂੰ ਹਰਿਆਣਾ ਲਈ ਰਵਾਨਾ ਹੋਵੇਗੀ। ਗੋਆ ਪੁਲਸ ਦੀ ਚਾਰ ਲੋਕਾਂ ਦੀ ਟੀਮ ਹਰਿਆਣਾ ਪਹੁੰਚੇਗੀ। ਗੋਆ ਪੁਲਸ ਹਰਿਆਣਾ ਵਿਚ ਸੋਨਾਲੀ ਦੇ ਘਰ ਜਾ ਕੇ ਮੈਂਬਰਾਂ ਤੋਂ ਪੁੱਛਗਿੱਛ ਕਰੇਗੀ। ਟੀਮ ਇਸ ਮਾਮਲੇ ਵਿਚ ਦੋਸ਼ੀ ਸੰਦੀਪ ਅਤੇ ਸੁਖਵਿੰਦਰ ਦੇ ਘਰ ਵੀ ਜਾਵੇਗੀ। ਪੀੜਤ ਪਰਿਵਾਰ ਤੋਂ ਪੈਸੇ ਅਤੇ ਜਾਇਦਾਦ ਬਾਰੇ ਪੂਰੀ ਜਾਣਕਾਰੀ ਲਏਗੀ। ਗੋਆ ਪੁਲਸ ਸੋਨਾਲੀ ਦੇ ਬੈਂਕ ਖਾਤੇ, ਲੈਣ-ਦੇਣ ਬਾਰੇ ਵੀ ਜਾਣਕਾਰੀ ਇਕੱਠੀ ਕਰੇਗੀ। ਹਰਿਆਣਾ ਸਰਕਾਰ ਵੀ ਗੋਆ ਸਰਕਾਰ ਨੂੰ ਪੱਤਰ ਲਿਖ ਕੇ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News