ਪੁੱਤ ਨੇ ਹੀ ਉਜਾੜ ''ਤਾ ਮਾਂ ਦਾ ਸੁਹਾਗ, ਜਾਇਦਾਦ ਨੂੰ ਲੈ ਕੇ ਹੋਏ ਵਿਵਾਦ ਮਗਰੋਂ ਗੋਲੀਆਂ ਨਾਲ ਭੁੰਨ''ਤਾ ਪਿਓ
Friday, Jul 17, 2026 - 10:35 AM (IST)
ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀਨਗਰ 'ਚ 150 ਕਰੋੜ ਰੁਪਏ ਦੀ ਜਾਇਦਾਦ ਦੇ ਵਿਵਾਦ ਵਿਚ ਇਕ ਪੁੱਤਰ ਨੇ ਆਪਣੇ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਮੁਤਾਬਕ, ਬੁੱਧਵਾਰ ਦੇਰ ਰਾਤ ਸ਼ਰਾਬ ਦੇ ਨਸ਼ੇ ਵਿਚ ਘਰ ਪਰਤੇ ਨਿਖਿਲ (32) ਨੇ ਆਪਣੇ ਪਿਤਾ ਹਰੀਓਮ ਚੌਧਰੀ (52) ’ਤੇ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੇ ਪਿਤਾ ’ਤੇ ਪੂਰੀ ਜਾਇਦਾਦ ਆਪਣੇ ਨਾਂ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਹਰੀਓਮ ਇਸ ਲਈ ਤਿਆਰ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤਰ ਜਾਇਦਾਦ ਵੇਚ ਕੇ ਸ਼ਰਾਬ ਵਿਚ ਪੈਸਾ ਬਰਬਾਦ ਕਰ ਦੇਵੇਗਾ। ਬੁੱਧਵਾਰ ਰਾਤ ਨੂੰ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਪੁਲਸ ਅਨੁਸਾਰ ਹਰੀਓਮ ਨੂੰ 6 ਗੋਲੀਆਂ ਲੱਗੀਆਂ ਹਨ।
ਘਟਨਾ ਤੋਂ ਬਾਅਦ ਪਤਨੀ ਨੇ ਪਤੀ ਦੀ ਲਾਸ਼ ਦੇਖ ਕੇ ਵਿਰਲਾਪ ਕਰਦੇ ਹੋਏ ਪੁੱਤਰ ਨੂੰ ਕਿਹਾ ਕਿ ਤੂੰ ਪੂਰਾ ਘਰ ਉਜਾੜ ਦਿੱਤਾ। ਪੁਲਸ ਅਨੁਸਾਰ, ਹਰੀਓਮ ਪਹਿਲਾਂ ਹੀ ਨਿਖਿਲ ਨੂੰ 25 ਬੀਘੇ ਜ਼ਮੀਨ ਅਤੇ ਬਾਜ਼ਾਰ ਵਿਚ ਕੁਝ ਦੁਕਾਨਾਂ ਦੇ ਚੁੱਕੇ ਸਨ। ਇਸ ਦੇ ਬਾਵਜੂਦ ਉਹ ਬਾਕੀ ਰਹਿੰਦੀ ਜਾਇਦਾਦ ਵੀ ਆਪਣੇ ਨਾਂ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕਰੀਬ 8 ਸਾਲ ਪਹਿਲਾਂ ਨਿਖਿਲ ਨੇ ਆਪਣੇ ਛੋਟੇ ਭਰਾ ’ਤੇ ਵੀ ਗੋਲੀ ਚਲਾਈ ਸੀ, ਜਿਸ ਵਿਚ ਉਹ ਬਚ ਗਿਆ ਸੀ। ਪੁਲਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ 4 ਟੀਮਾਂ ਗਠਿਤ ਕੀਤੀਆਂ ਹਨ ਅਤੇ ਉਸ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
