ਜੰਮੂ ਕਸ਼ਮੀਰ ''ਚ ਅੱਤਵਾਦੀਆਂ ਨਾਲ ਮੁਕਾਬਲੇ ''ਚ ਇੱਕ ਜਵਾਨ ਸ਼ਹੀਦ
Monday, Jan 20, 2025 - 07:43 PM (IST)
ਸ੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਸੋਪੋਰ ਇਲਾਕੇ ਵਿੱਚ ਅੱਤਵਾਦੀਆਂ ਨਾਲ ਰਾਤ ਭਰ ਚੱਲੇ ਮੁਕਾਬਲੇ ਵਿੱਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੋਪੋਰ ਪੁਲਸ ਜ਼ਿਲ੍ਹੇ ਦੇ ਜਾਲੂਰਾ ਗੁੱਜਰਪੇਟੀ ਵਿੱਚ ਇੱਕ ਅੱਤਵਾਦੀ ਟਿਕਾਣੇ ਨੇੜੇ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ ਜਵਾਨ ਜ਼ਖਮੀ ਹੋ ਅਤੇ ਮੁਕਾਬਲੇ ਵਾਲੀ ਥਾਂ ਤੋਂ ਬਾਹਰ ਕੱਢੇ ਜਾਣ ਦੌਰਾਨ ਉਸ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਇੱਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਅਤੇ ਇਸ ਦੌਰਾਨ ਹੋਈ ਗੋਲੀਬਾਰੀ ਕਾਰਨ ਫੌਜ ਨੇ ਉਥੇ ਘੇਰਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਰਾਤ ਨੂੰ ਜਾਲੂਰਾ ਗੁੱਜਰਪੇਟੀ ਵਿਖੇ ਸਖ਼ਤ ਨਿਗਰਾਨੀ ਰੱਖੀ ਅਤੇ ਸੋਮਵਾਰ ਸਵੇਰੇ ਇਲਾਕੇ ਵਿੱਚ ਸ਼ੱਕੀ ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ।