ਆਡੀਓ ਟੇਪ ਮਾਮਲੇ ''ਚ ਮਾਨੇਸਰ ਪਹੁੰਚੀ SOG ਟੀਮ, ਹਰਿਆਣਾ ਪੁਲਸ ਨੇ ਰੋਕਿਆ

Friday, Jul 17, 2020 - 07:46 PM (IST)

ਆਡੀਓ ਟੇਪ ਮਾਮਲੇ ''ਚ ਮਾਨੇਸਰ ਪਹੁੰਚੀ SOG ਟੀਮ, ਹਰਿਆਣਾ ਪੁਲਸ ਨੇ ਰੋਕਿਆ

ਗੁਰੂਗ੍ਰਾਮ - ਰਾਜਸਥਾਨ 'ਚ ਵਿਧਾਇਕਾਂ ਦੀ ਖਰੀਦ-ਫਰੋਖਤ ਮਾਮਲੇ 'ਚ ਜਾਂਚ ਪੜਤਾਲ ਜਾਰੀ ਹੈ। ਰਾਜਸਥਾਨ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (SOG) ਦੀ ਟੀਮ ਸ਼ੁੱਕਰਵਾਰ ਸ਼ਾਮ ਮਾਨਸੇਰ ਪਹੁੰਚੀ, ਜਿੱਥੇ ਇੱਕ ਹੋਟਲ 'ਚ ਕਾਂਗਰਸ ਦੇ ਕੁੱਝ ਵਿਧਾਇਕ ਠਹਿਰੇ ਹੋਏ ਹਨ। ਹਾਲਾਂਕਿ ਹਰਿਆਣਾ ਪੁਲਸ ਨੇ ਐੱਸ.ਓ.ਜੀ. ਦੀ ਟੀਮ ਨੂੰ ਹੋਟਲ ਦੇ ਅੰਦਰ ਨਹੀਂ ਜਾਣ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਐੱਸ.ਓ.ਜੀ. ਦੀ ਟੀਮ ਮਾਨੇਸਰ ਸਥਿਤ ਆਈ.ਟੀ.ਸੀ. ਗ੍ਰੈਂਡ ਭਾਰਤ ਹੋਟਲ ਪਹੁੰਚੀ ਪਰ ਹਰਿਆਣਾ ਪੁਲਸ ਦੇ ਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਅੰਦਰ ਪ੍ਰਵੇਸ਼ ਕਰਣ ਤੋਂ ਰੋਕ ਦਿੱਤੀ। ਰਾਜਸਥਾਨ ਦੇ ਅਧਿਕਾਰੀਆਂ ਵਲੋਂ ਮਨਜ਼ੂਰੀ ਮੰਗੀ ਜਾ ਰਹੀ ਹੈ। ਹਰਿਆਣਾ ਪੁਲਸ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ।

ਰਾਜਸਥਾਨ ਪੁਲਸ ਦੇ ਆਈ.ਪੀ.ਐੱਸ. ਪੱਧਰ ਦੇ ਅਧਿਕਾਰੀ ਸਮੇਤ 6 ਲੋਕ ਸਕਾਰਪੀਓ ਰਾਹੀਂ ਆਈ.ਟੀ.ਸੀ. ਗ੍ਰੈਂਡ ਭਾਰਤ ਹੋਟਲ ਪੁੱਜੇ। ਐੱਸ.ਓ.ਜੀ. ਦੀ ਟੀਮ ਰਾਜਸਥਾਨ ਦੇ ਵਿਧਾਇਕ ਦਾ ਆਡੀਓ ਟੇਪ ਵਾਇਰਲ ਹੋਣ ਤੋਂ ਬਾਅਦ ਬਿਆਨ ਦਰਜ ਕਰਣ ਪਹੁੰਚੀ ਹੈ। ਐੱਸ.ਐੱਚ.ਓ. ਤਾਵਡੂ ਜਿਤੇਂਦਰ ਰਾਣਾ ਦਲ ਫੋਰਸ ਨਾਲ ਆਈ.ਟੀ.ਸੀ. ਗ੍ਰੈਂਡ ਭਾਰਤ ਦੇ ਬਾਹਰ ਤਾਇਨਾਤ ਹਨ। ਉਥੇ ਹੀ ਐੱਸ.ਓ.ਜੀ. ਦੀ ਟੀਮ ਅਜੇ ਹੋਟਲ ਦੇ ਬਾਹਰ ਹੀ ਖੜ੍ਹੀ ਹੈ।

ਅਸਲ 'ਚ, ਸਚਿਨ ਪਾਇਲਟ ਆਪਣੇ ਸਮਰਥਕ ਵਿਧਾਇਕਾਂ ਨਾਲ ਆਈ.ਟੀ.ਸੀ. ਗ੍ਰੈਂਡ ਭਾਰਤ ਹੋਟਲ 'ਚ ਪਿਛਲੇ ਕਈ ਦਿਨਾਂ ਤੋਂ ਠਹਿਰੇ ਹੋਏ ਹਨ। ਇਨ੍ਹਾਂ 'ਚ ਸਚਿਨ ਪਾਇਲਟ ਸਮੇਤ 19 ਕਾਂਗਰਸ ਦੇ ਵਿਧਾਇਕ ਹਨ ਅਤੇ 3 ਆਜ਼ਾਦ ਵੀ ਹਨ। ਫਿਲਹਾਲ ਇਨ੍ਹਾਂ ਵਿਧਾਇਕਾਂ ਤੋਂ ਪੁੱਛਗਿੱਛ ਕਰਨ ਲਈ ਐੱਸ.ਓ.ਜੀ. ਟੀਮ ਸ਼ੁੱਕਰਵਾਰ ਸ਼ਾਮ ਮਾਨੇਸਰ ਪਹੁੰਚੀ।


author

Inder Prajapati

Content Editor

Related News