ਸੋਸ਼ਲ ਮੀਡੀਆ ਇਨਫਲੂਐਂਸਰ ਇਸ਼ਪ੍ਰੀਤ ਕੌਰ ਦੀ ਮੌਤ, ਪਿਤਾ ਨੇ ਲਗਾਇਆ ਕਤਲ ਦਾ ਦੋਸ਼

Saturday, Jul 27, 2024 - 09:45 PM (IST)

ਸੋਸ਼ਲ ਮੀਡੀਆ ਇਨਫਲੂਐਂਸਰ ਇਸ਼ਪ੍ਰੀਤ ਕੌਰ ਦੀ ਮੌਤ, ਪਿਤਾ ਨੇ ਲਗਾਇਆ ਕਤਲ ਦਾ ਦੋਸ਼

ਬੀਕਾਨੇਰ- ਬੀਕਾਨੇਰ ਦੇ ਮੁਕਤਾ ਪ੍ਰਸਾਦ ਇਲਾਕੇ ਵਿਚ ਸ਼ੁੱਕਰਵਾਰ ਰਾਤ ਲੱਗਭਗ 10 ਵਜੇ ਇਕ ਮਾਡਲ ਦੀ ਲਾਸ਼ ਇਕ ਘਰ ਵਿਚ ਫੰਦੇ ਨਾਲ ਲਟਕਦੀ ਮਿਲੀ। ਪੁਲਸ ਨੇ ਦੱਸਿਆ ਕਿ ਮੌਕੇ ’ਤੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ’ਚ ਮਿਲਿਆ, ਜਿਸਨੂੰ ਹਸਪਤਾਲ ਦਾਖਲ ਕਰਾਇਆ ਗਿਆ। ਘਟਨਾ ਸਥਾਨ ਤੋਂ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ।

ਮੁਕਤਾ ਪ੍ਰਸਾਦ ਪੁਲਸ ਆਫਿਸਰ ਧੀਰੇਂਦਰ ਸਿੰਘ ਮੁਤਾਬਕ ਇਹ ਘਟਨਾ ਬਿਕਾਜੀ ਸਰਕਲ ਤੋਂ ਕਾਨਾਸਰ ਵੱਲ ਬਣੇ ਜੈਰਾਜ ਤੰਵਰ ਦੇ ਘਰ ਵਾਪਰੀ। ਮ੍ਰਿਤਕ ਦੀ ਪਛਾਣ 26 ਸਾਲਾ ਇਸ਼ਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਖਟੂਰੀਆ ਕਲੋਨੀ ਸਥਿਤ ਮਾਨ ਮੰਦਰ ਨੇੜੇ ਰਹਿੰਦੀ ਸੀ। ਇਸ਼ਪ੍ਰੀਤ ਕੌਰ ਇਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਅਤੇ ਇੰਸਟਾਗ੍ਰਾਮ ’ਤੇ ਉਸਦੇ 8 ਲੱਖ ਤੋਂ ਵੱਧ ਫਾਲੋਅਰਜ਼ ਹਨ।

ਇਸ਼ਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਨੇ ਜੈਰਾਜ ਤੰਵਰ ’ਤੇ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਾਇਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਤਫਤੀਸ਼ ਕੀਤੀ ਜਾ ਰਹੀ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 9 ਵਜੇ ਬਿਕਾਜੀ ਸਰਕਲ ਤੋਂ ਕਾਨਾਸਰ ਵੱਲ ਬਣੇ ਇਸ ਘਰ ਵਿਚ ਇਕ ਨੌਜਵਾਨ ਅਤੇ ਇਕ ਔਰਤ ਦੇ ਸ਼ੱਕੀ ਹਾਲਾਤ ਵਿਚ ਹੋਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਇਸ਼ਪ੍ਰੀਤ ਦੀ ਲਾਸ਼ ਘਰ ਦੇ ਇਕ ਕਮਰੇ ’ਚ ਲਟਕਦੀ ਮਿਲੀ। ਜੈਰਾਜ ਨੇੜੇ ਹੀ ਬੇਹੋਸ਼ ਪਿਆ ਸੀ। ਜੈਰਾਜ ਚੌਟੀਨਾ ਕੁਆਂ ਇਲਾਕੇ ਦਾ ਰਹਿਣ ਵਾਲਾ ਹੈ। ਦੋਵੇਂ ਉਥੇ ਕਦੋਂ ਅਤੇ ਕਿਉਂ ਗਏ, ਇਹ ਕਤਲ ਹੈ ਜਾਂ ਖੁਦਕੁਸ਼ੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।


author

Rakesh

Content Editor

Related News