ਤਾਂ ਕੀ ਮਹਾਰਾਸ਼ਟਰ ’ਚ ਭਾਜਪਾ ਅਜੀਤ ਪਵਾਰ ਦੀ NCP ਨਾਲੋਂ ਤੋੜ ਲਵੇਗੀ ਸਬੰਧ!

Friday, Jun 14, 2024 - 02:32 PM (IST)

ਤਾਂ ਕੀ ਮਹਾਰਾਸ਼ਟਰ ’ਚ ਭਾਜਪਾ ਅਜੀਤ ਪਵਾਰ ਦੀ NCP ਨਾਲੋਂ ਤੋੜ ਲਵੇਗੀ ਸਬੰਧ!

ਨੈਸ਼ਨਲ ਡੈਸਕ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁੱਖ ਪੱਤਰ ਆਰਗੇਨਾਈਜ਼ਰ ’ਚ ਛਪੇ ਲੇਖ ’ਚ ਭਾਜਪਾ ਦੀ ਹਾਰ ਲਈ ਅਜੀਤ ਪਵਾਰ ਨਾਲ ਗੱਠਜੋੜ ਨੂੰ ਵੱਡਾ ਕਾਰਨ ਦੱਸਿਆ ਗਿਆ ਹੈ। ਇਸ ਤੋਂ ਬਾਅਦ ਸੰਭਾਵਨਾ ਵੱਧ ਗਈ ਹੈ ਕਿ ਭਾਜਪਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨਾਲੋਂ ਸਬੰਧ ਤੋੜ ਲਵੇ। ਇਕ ਰਿਪੋਰਟ ਅਨੁਸਾਰ ਪਾਰਟੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਨਾਲ ਸੂਬੇ ਦੀਆਂ 288 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਸਕਦੀ ਹੈ। ਅਜੀਤ ਪਵਾਰ ਵਲੋਂ ਜਿਥੇ ਇਕ ਪਾਸੇ 80 ਸੀਟਾਂ ਦੀ ਮੰਗ ਕੀਤੀ ਗਈ ਹੈ, ਉਥੇ ਦੂਜੇ ਪਾਸੇ ਭਾਜਪਾ ਦਾ ਇਕ ਵੱਡਾ ਧੜਾ ਅਜੀਤ ਪਵਾਰ ਨੂੰ ਮਹਾਯੁਤੀ ’ਚ ਰੱਖਣ ਦੇ ਹੱਕ ’ਚ ਨਹੀਂ ਹੈ। ਜਦੋਂ ਅਜੀਤ ਪਵਾਰ ਨੂੰ ਮਹਾਯੁਤੀ (ਗ੍ਰੈਂਡ ਅਲਾਇੰਸ) ਵਿਚ ਲਿਆਂਦਾ ਗਿਆ ਸੀ, ਉਦੋਂ ਵੀ ਕੁਝ ਨੇਤਾਵਾਂ ਨੇ ਇਸ ਨੂੰ ਸਹੀ ਫੈਸਲਾ ਨਹੀਂ ਮੰਨਿਆ ਸੀ। 2019 ਦੀਆਂ ਚੋਣਾਂ ’ਚ ਭਾਜਪਾ ਨੇ 152 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੀ ਸੀ। ਫਿਰ ਇਸ ਨੇ ਊਧਵ ਦੀ ਅਗਵਾਈ ਵਾਲੀ ਸ਼ਿਵ ਸੈਨਾ ਲਈ 124 ਸੀਟਾਂ ਛੱਡੀਆਂ। ਐੱਨ. ਡੀ. ਏ. ਦੇ ਬਾਕੀ ਸਹਿਯੋਗੀਆਂ ਨੂੰ 12 ਸੀਟਾਂ ਮਿਲੀਆਂ।

ਭਾਜਪਾ ਦੀ ਬ੍ਰਾਂਡ ਵੈਲਿਊ ਹੋਈ ਘੱਟ

ਸਾਰੀ ਉਮਰ ਆਰ. ਐੱਸ. ਐੱਸ. ਕਾਰਕੁੰਨ ਰਹੇ ਰਤਨ ਸ਼ਾਰਦਾ ਨੇ ਆਰਗੇਨਾਈਜ਼ਰ ’ਚ ਆਪਣੇ ਲੇਖ ’ਚ ਕਿਹਾ ਕਿ ਅਜੀਤ ਨਾਲ ਗੱਠਜੋੜ ਕਰਨ ਨਾਲ ਭਾਜਪਾ ਦੀ ਬ੍ਰਾਂਡ ਵੈਲਿਊ ਘੱਟ ਹੋ ਗਈ ਅਤੇ ਇਹ ਬਿਨਾ ਕਿਸੇ ਫਰਕ ਦੇ ਸਿਰਫ ਇਕ ਹੋਰ ਪਾਰਟੀ ਬਣ ਗਈ। ਅਜੀਤ ਦੇ ਆਉਣ ਨਾਲ ਪਾਰਟੀ ਭ੍ਰਿਸ਼ਟਾਚਾਰ ਦੇ ਮੋਰਚੇ ’ਤੇ ਖੁੱਲ੍ਹ ਕੇ ਨਹੀਂ ਬੋਲ ਸਕੀ। 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 23 ਸੀਟਾਂ ਮਿਲੀਆਂ ਸਨ। ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਆਪਣੇ ਦਮ ’ਤੇ 105 ਸੀਟਾਂ ਮਿਲੀਆਂ ਸਨ। ਭਾਜਪਾ ਸੂਬੇ ’ਚ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ। 2024 ਦੀਆਂ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਭਾਜਪਾ ਆਤਮਮੰਥਨ ਦੇ ਰੌਂਅ ’ਚ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਅਜੀਤ ਪਵਾਰ ਨੂੰ ਮਹਾਯੁਤੀ ’ਚ ਲੈਣ ਦੇ ਕਾਰਨ ਭਾਜਪਾ ਅਤੇ ਆਰ. ਐੱਸ. ਐੱਸ. ਦਾ ਇਕ ਵੱਡਾ ਕੈਡਰ ਪ੍ਰਚਾਰ ਲਈ ਨਹੀਂ ਨਿਕਲਿਆ। ਐੱਨ. ਸੀ. ਪੀ. ਵਾਲੀਆਂ ਸੀਟਾਂ ’ਤੇ ਇਹ ਸਪਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਅਜਿਹੇ ’ਚ ਜੇ ਭਾਜਪਾ ਵਿਧਾਨ ਸਭਾ ਚੋਣਾਂ ’ਚ ਅਜੀਤ ਪਵਾਰ ਨੂੰ ਨਾਲ ਰੱਖਦੀ ਹੈ ਤਾਂ ਕਾਰਕੁੰਨ ਫਿਰ ਤੋਂ ਸਾਈਲੈਂਟ ਰਹਿ ਸਕਦੇ ਹਨ। ਅਜਿਹੀ ਸਥਿਤੀ ’ਚ ਭਾਜਪਾ ਨੂੰ ਨੁਕਸਾਨ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News