ਕਸ਼ਮੀਰ ਤੇ ਹਿਮਾਚਲ ਦੇ ਪਹਾੜਾਂ ’ਤੇ ਬਰਫਬਾਰੀ
Saturday, Apr 19, 2025 - 11:44 PM (IST)

ਸ਼੍ਰੀਨਗਰ– ਕਸ਼ਮੀਰ ਦੇ ਉਚਾਈ ਵਾਲੇ ਕੁਝ ਇਲਾਕਿਆਂ ਵਿਚ ਸ਼ਨੀਵਾਰ ਨੂੰ ਨਵੇਂ ਸਿਰਿਓਂ ਬਰਫਬਾਰੀ ਹੋਈ, ਜਦੋਂਕਿ ਮੈਦਾਨੀ ਇਲਾਕਿਆਂ ਸਮੇਤ ਵਾਦੀ ਦੇ ਹੋਰ ਹਿੱਸਿਆਂ ਵਿਚ ਮੀਂਹ ਪਿਆ।
ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਤੁਲੈਲ ਤੇ ਗੁਰੇਜ਼ ਅਤੇ ਦੱਖਣੀ ਕਸ਼ਮੀਰ ਦੇ ਸਿੰਥਨ ਟਾਪ ’ਚ ਪੂਰੀ ਰਾਤ ਬਰਫਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਦਰਮਿਆਨੀ ਬਰਫਬਾਰੀ ਕਾਰਨ ਗੁਰੇਜ਼-ਬਾਂਦੀਪੋਰਾ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।
ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇ ’ਤੇ ਸਥਿਤ ਜੋਜ਼ਿਲਾ ਅਤੇ ਵਾਦੀ ਨੂੰ ਜੰਮੂ ਨਾਲ ਜੋੜਨ ਵਾਲੀ ਬਦਲਵੀਂ ਸੜਕ ਮੁਗਲ ਰੋਡ ਸਮੇਤ ਉਚਾਈ ਵਾਲੇ ਕੁਝ ਹੋਰ ਇਲਾਕਿਆਂ ਵਿਚ ਵੀ ਤਾਜ਼ਾ ਬਰਫਬਾਰੀ ਹੋਈ। ਬਰਫਬਾਰੀ ਕਾਰਨ ਜੋਜ਼ਿਲਾ ਤੇ ਮੁਗਲ ਰੋਡ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਤੋਂ ਸ਼ਿਮਲਾ ਸਮੇਤ ਕਈ ਹੋਰ ਸ਼ਹਿਰਾਂ ਵਿਚ ਸ਼ੁੱਕਰਵਾਰ ਸ਼ਾਮ ਤੋਂ ਧੁੰਦ ਦੀ ਹਲਕੀ ਪਰਤ ਛਾ ਗਈ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਦੇਰ ਰਾਤ ਤਕ ਬੱਦਲ ਵਧਣ ਦੇ ਨਾਲ ਹੇਠਲੇ ਇਲਾਕਿਆਂ ਵਿਚ ਵਾਛੜਾਂ ਪੈਣ ਦਾ ਅਨੁਮਾਨ ਹੈ। ਉਥੇ ਹੀ ਹਿਮਾਚਲ ਦੇ ਰੋਹਤਾਂਗ, ਬਾਰਾਲਾਚਾ ਤੇ ਕੁੰਜਮ ਦੱਰੇ ਸਮੇਤ ਲਾਹੌਲ ਵਾਦੀ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫਬਾਰੀ ਹੋਣ ਨਾਲ ਦੱਰੇ ਤੇ ਪਹਾੜ ਸਫੇਦ ਹੋ ਗਏ।
ਦਿੱਲੀ ਵਿਚ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 2.5 ਡਿਗਰੀ ਵੱਧ ਹੈ।