ਪਹਾੜਾਂ ''ਚ ਹੋਈ ਬਰਫ਼ਬਾਰੀ ਨੇ ਠੁਰ-ਠੁਰ ਕਰਨ ਲਾ''ਤੇ ਲੋਕ ! ਤਾਪਮਾਨ ''ਚ ਭਾਰੀ ਗਿਰਾਵਟ
Monday, Jan 05, 2026 - 10:42 AM (IST)
ਨੈਸ਼ਨਲ ਡੈਸਕ- ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਦੂਰ-ਦੁਰਾਡੇ ਦੇ ਜਨਜਾਤੀ ਖੇਤਰ ਪਾਂਗੀ ’ਚ ਮੌਸਮ ਨੇ ਅਚਾਨਕ ਕਰਵਟ ਬਦਲੀ, ਜਿਸ ਕਾਰਨ ਐਤਵਾਰ ਦੁਪਹਿਰ ਤੋਂ ਬਾਅਦ ਘਾਟੀ ’ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ। ਹੈੱਡਕੁਆਰਟਰ ਕਿਲਾੜ ਸਮੇਤ ਪੂਰੀ ਘਾਟੀ ’ਚ ਤਾਜ਼ਾ ਬਰਫਬਾਰੀ ਹੋਈ ਹੈ। ਇੱਥੇ ਲੱਗਭਗ 3 ਇੰਚ ਤਾਜ਼ਾ ਬਰਫ਼ਬਾਰੀ ਹੋਈ।
ਚਸਕ, ਸੁਰਾਲ, ਹਿਲੂਟਵਾਨ, ਪਰਮਾਰ ਭਟੌਰੀ ਅਤੇ ਹੁਡਾਨ ਵਰਗੇ ਉੱਪਰੀ ਪਿੰਡਾਂ ’ਚ 5 ਤੋਂ 6 ਇੰਚ ਤੱਕ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ। ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ ਅਤੇ ਲੋਕ ਆਪਣੇ ਘਰਾਂ ’ਚ ਹੀ ਰਹਿਣ ਲਈ ਮਜਬੂਰ ਹੋ ਗਏ ਹਨ।
ਉੱਥੇ ਹੀ, ਕਸ਼ਮੀਰ ਘਾਟੀ ’ਚ ਘੱਟੋ-ਘੱਟ ਤਾਪਮਾਨ ’ਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਪੂਰੇ ਇਲਾਕੇ ’ਚ ਸੀਤ ਲਹਿਰ ਦਾ ਕਹਿਰ ਹੋਰ ਵਧ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ’ਚ ਸ਼ਨੀਵਾਰ ਰਾਤ ਘੱਟੋ-ਘੱਟ ਤਾਪਮਾਨ ਸਿਫਰ ਤੋਂ 3.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫ਼ੀ 1.5 ਡਿਗਰੀ ਸੈਲਸੀਅਸ ਨਾਲੋਂ ਘੱਟ ਹੈ। ਉੱਤਰੀ ਕਸ਼ਮੀਰ ਦਾ ਮਸ਼ਹੂਰ ਸਕੀ ਰਿਜ਼ਾਰਟ ਗੁਲਮਰਗ ਘਾਟੀ ’ਚ ਸਭ ਤੋਂ ਠੰਢਾ ਸਥਾਨ ਬਣਿਆ ਹੋਇਆ ਹੈ। ਉੱਥੇ ਹੀ, ਦੱਖਣੀ ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ’ਚ ਤਾਪਮਾਨ ਸਿਫਰ ਤੋਂ 5 ਡਿਗਰੀ ਸੈਲਸੀਅਸ ਹੇਠਾਂ ਬਣਿਆ ਹੋਇਆ ਹੈ।
