ਹਿਮਾਚਲ ''ਚ ਬਰਫ਼ਬਾਰੀ, ਮੌਸਮ ਵਿਭਾਗ ਵਲੋਂ ਹਨ੍ਹੇਰੀ-ਤੂਫਾਨ ਦੀ ਚਿਤਾਵਨੀ

Wednesday, Feb 05, 2025 - 02:34 PM (IST)

ਹਿਮਾਚਲ ''ਚ ਬਰਫ਼ਬਾਰੀ, ਮੌਸਮ ਵਿਭਾਗ ਵਲੋਂ ਹਨ੍ਹੇਰੀ-ਤੂਫਾਨ ਦੀ ਚਿਤਾਵਨੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ ਦਰਜ ਕੀਤੀ ਗਈ, ਜਦੋਂ ਕਿ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਕੁਝ ਜ਼ਿਲ੍ਹਿਆਂ 'ਚ ਹਨ੍ਹਰੀ ਅਤੇ ਤੂਫਾਨ ਆਉਣ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਸ਼ਿਮਲਾ, ਕੁੱਲੂ, ਕਿਨੌਰ, ਲਾਹੌਲ ਅਤੇ ਸਪੀਤੀ ਅਤੇ ਚੰਬਾ ਜ਼ਿਲ੍ਹਿਆਂ 'ਚ ਕੁਝ ਥਾਵਾਂ 'ਤੇ ਬਰਫਬਾਰੀ ਹੋਈ। 

ਮੌਸਮ ਵਿਭਾਗ ਮੁਤਾਬਕ ਸ਼ਿਮਲਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਨਾਰਕੰਡਾ ਅਤੇ ਕੁਫਰੀ, ਚੰਬਾ ਦੇ ਡਲਹੌਜ਼ੀ ਅਤੇ ਮਨਾਲੀ ਅਤੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਬਰਫਬਾਰੀ ਹੋਈ। ਮੰਡੀ ਜ਼ਿਲ੍ਹੇ ਦੇ ਸੇਰਾਜ, ਪਰਾਸ਼ਰ, ਸ਼ਿਕਾਰੀ ਅਤੇ ਕਮਰੁਨਾਗ ਤੋਂ ਵੀ ਬਰਫਬਾਰੀ ਦੀ ਸੂਚਨਾ ਮਿਲੀ ਹੈ। ਬਰਫਬਾਰੀ ਤੋਂ ਹੋਟਲ ਮਾਲਕਾਂ ਨੂੰ ਸੈਲਾਨੀਆਂ ਦੀ ਆਮਦ ਵਧਣ ਦੀ ਉਮੀਦ ਜਾਗੀ ਹੈ। ਇਸ ਨਾਲ ਉਨ੍ਹਾਂ ਬਾਗਬਾਨਾਂ ਨੂੰ ਵੀ ਰਾਹਤ ਮਿਲੀ, ਜੋ ਲੰਬੇ ਸਮੇਂ ਤੋਂ ਸੂਬੇ ਵਿੱਚ ਸੋਕੇ ਦੀ ਸਥਿਤੀ ਤੋਂ ਚਿੰਤਤ ਸਨ। ਸੇਬ ਦੀ ਖੇਤੀ ਲਈ ਬਰਫ਼ ਨੂੰ ਲਾਭਦਾਇਕ ਮੰਨਿਆ ਜਾਂਦਾ ਹੈ।

ਮੌਸਮ ਵਿਭਾਗ ਨੇ ਬੁੱਧਵਾਰ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਚੰਬਾ, ਕਾਂਗੜਾ ਅਤੇ ਸੋਲਨ ਦੇ ਕੁਝ ਹਿੱਸਿਆਂ ਵਿਚ ਵੀ ਹਨ੍ਹੇਰੀ-ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਊਨਾ, ਬਿਲਾਸਪੁਰ ਅਤੇ ਮੰਡੀ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ। ਲਾਹੌਲ ਅਤੇ ਸਪੀਤੀ ਦੇ ਕਬਾਇਲੀ ਖੇਤਰਾਂ ਵਿਚ ਸਥਿਤ ਤਾਬੋ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


author

Tanu

Content Editor

Related News