ਉੱਤਰਾਖੰਡ : ਦੇਰ ਸ਼ਾਮ ਬਦਲਿਆ ਮੌਸਮ, ਬਦਰੀਨਾਥ-ਹੇਮਕੁੰਟ ਸਾਹਿਬ ਵਿਖੇ ਹੋਈ ਬਰਫਬਾਰੀ

Sunday, Mar 15, 2020 - 11:58 PM (IST)

ਉੱਤਰਾਖੰਡ : ਦੇਰ ਸ਼ਾਮ ਬਦਲਿਆ ਮੌਸਮ, ਬਦਰੀਨਾਥ-ਹੇਮਕੁੰਟ ਸਾਹਿਬ ਵਿਖੇ ਹੋਈ ਬਰਫਬਾਰੀ

ਦੇਹਰਾਦੂਨ/ਚੰਡੀਗੜ੍ਹ— ਉੱਤਰਾਖੰਡ 'ਚ ਲਗਾਤਾਰ 3 ਦਿਨਾਂ ਤੋਂ ਪੈ ਰਹੇ ਮੀਂਹ ਅਤੇ ਬਰਫਬਾਰੀ ਤੋਂ ਐਤਵਾਰ ਨੂੰ ਥੋੜ੍ਹੀ ਰਾਹਤ ਮਿਲੀ। ਰਾਜਧਾਨੀ ਦੇਹਰਾਦੂਨ ਸਮੇਤ ਸੂਬੇ ਦੇ ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜਾਂ ਤਕ ਕਿਤੇ ਬੱਦਲ ਛਾਏ ਰਹੇ ਤਾਂ ਕਿਤੇ ਧੁੱਪ ਨਿਕਲੀ। ਦੁਪਹਿਰ ਬਾਅਦ ਮੌਸਮ ਫਿਰ ਬਦਲਿਆ ਅਤੇ ਉੱਚੇ ਪਹਾੜੀ ਇਲਾਕਿਆਂ 'ਚ ਬਰਫ ਪਈ।
ਬਦਰੀਨਾਥ ਧਾਮ ਦੇ ਨਾਲ ਹੀ ਹੇਮਕੁੰਟ ਸਾਹਿਬ, ਲਾਲ ਮਾਟੀ, ਫੁੱਲਾਂ ਦੀ ਘਾਟੀ ਘਾਂਘਰੀਆ, ਤੁੰਗਨਾਥ ਅਤੇ ਚੋਪਤਾ ਦੇ ਨਾਲ ਨੀਤੀ ਅਤੇ ਮਾਣਾ ਘਾਟੀਆਂ ਦੇ ਪਿੰਡਾਂ 'ਚ ਬਰਫਬਾਰੀ ਹੋਈ ਜਦਕਿ ਹੇਠਲੇ ਇਲਾਕਿਆਂ 'ਚ ਧੁੱਪ ਦੇ ਨਾਲ ਹੀ ਬੱਦਲ ਵੀ ਛਾਏ ਰਹੇ। ਉੱਥੇ ਹੀ ਭਵਾਲੀ-ਅਲਮੋੜਾ ਕੌਮੀ ਰਾਜ ਮਾਰਗ 'ਚ ਕਾਕੜੀਘਾਟ ਕੋਲ ਪਹਾੜੀ ਤੋਂ ਡਿੱਗੇ ਪੱਥਰਾਂ ਕਾਰਣ ਰਸਤੇ 'ਚ ਰੁਕਾਵਟ ਪੈਦਾ ਹੋ ਗਈ। ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ 21 ਮਾਰਚ ਤਕ ਮੀਂਹ ਅਤੇ ਬਰਫਬਾਰੀ ਤੋਂ ਰਾਹਤ ਦੇ ਆਸਾਰ ਘੱਟ ਹਨ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਦੇ ਬਹੁਤ ਸਾਰੇ ਇਲਾਕਿਆਂ ਅਤੇ ਪੰਜਾਬ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਹਿਮਾਚਲ 'ਚ ਮੀਂਹ ਅਤੇ ਕਿਣਮਿਣ ਹੋਈ। ਸਭ ਤੋਂ ਵੱਧ ਤਾਪਮਾਨ ਰਾਇਲ ਸੀਮਾ ਇਲਾਕੇ ਦੇ ਅਨੰਤਪੁਰ 'ਚ 38.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੈਦਾਨੀ ਇਲਾਕਿਆਂ 'ਚ ਸਭ ਤੋਂ ਘੱਟ ਤਾਪਮਾਨ ਪੰਜਾਬ ਦੇ ਲੁਧਿਆਣਾ 'ਚ 7.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


author

KamalJeet Singh

Content Editor

Related News